ਤਿਉਹਾਰੀ ਸੀਜ਼ਨ ਦੌਰਾਨ ਫਿਰੋਜ਼ਪੁਰ ਰੇਲਵੇ ਮੰਡਲ ਨੇ 58 ਲੱਖ ਯਾਤਰੀਆਂ ਨੂੰ ਦਿੱਤੀ ਯਾਤਰਾ ਸਹੂਲਤ, ਪਿਛਲੇ ਸਾਲ ਨਾਲੋਂ 9 ਲੱਖ ਵੱਧ ਲੋਕਾਂ ਨੇ ਕੀਤਾ ਸਫ਼ਰ
- kakkar.news
- November 18, 2026
- Punjab Railways
ਤਿਉਹਾਰੀ ਸੀਜ਼ਨ ਦੌਰਾਨ ਫਿਰੋਜ਼ਪੁਰ ਰੇਲਵੇ ਮੰਡਲ ਨੇ 58 ਲੱਖ ਯਾਤਰੀਆਂ ਨੂੰ ਦਿੱਤੀ ਯਾਤਰਾ ਸਹੂਲਤ, ਪਿਛਲੇ ਸਾਲ ਨਾਲੋਂ 9 ਲੱਖ ਵੱਧ ਲੋਕਾਂ ਨੇ ਕੀਤਾ ਸਫ਼ਰ
ਵਿਸ਼ੇਸ਼ ਟਰੇਨਾਂ ਦੇ 168 ਫੇਰੇ ਚਲਾਏ, ਨਿਯਮਤ ਟਰੇਨਾਂ ਵਿੱਚ 77 ਵਾਧੂ ਕੋਚ ਲਗਾ ਕੇ ਵਧਾਈ ਯਾਤਰੀ ਸਮਰੱਥਾ
ਫਿਰੋਜ਼ਪੁਰ, 18 ਨਵੰਬਰ 2026 (ਅਨੁਜ ਕੱਕੜ ਟੀਨੂੰ )
ਤਿਉਹਾਰੀ ਸੀਜ਼ਨ ਦੌਰਾਨ ਰੇਲ ਯਾਤਰੀਆਂ ਦੀ ਵਧੀ ਹੋਈ ਭੀੜ ਨੂੰ ਸੰਭਾਲਣ ਲਈ ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਕੀਤੇ ਗਏ ਪ੍ਰਬੰਧਾਂ ਦੇ ਨਤੀਜੇ ਵਜੋਂ ਇਸ ਸਾਲ ਲਗਭਗ 58 ਲੱਖ ਯਾਤਰੀਆਂ ਨੂੰ ਸੁਰੱਖਿਅਤ ਅਤੇ ਸੁਖਾਲੀ ਯਾਤਰਾ ਦੀ ਸਹੂਲਤ ਮੁਹੱਈਆ ਕਰਵਾਈ ਗਈ। ਪਿਛਲੇ ਸਾਲ ਇਸੇ ਸਮੇਂ ਦੌਰਾਨ ਲਗਭਗ 49 ਲੱਖ ਯਾਤਰੀਆਂ ਨੇ ਰੇਲ ਰਾਹੀਂ ਸਫ਼ਰ ਕੀਤਾ ਸੀ। ਇਸ ਤਰ੍ਹਾਂ ਯਾਤਰੀਆਂ ਦੀ ਗਿਣਤੀ ਵਿੱਚ ਕਰੀਬ 9 ਲੱਖ ਦਾ ਵਾਧਾ ਦਰਜ ਕੀਤਾ ਗਿਆ ਹੈ।
ਰੇਲਵੇ ਮੰਡਲ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਵਧਦੀ ਯਾਤਰੀ ਮੰਗ ਨੂੰ ਦੇਖਦਿਆਂ ਇਸ ਵਾਰ ਵਿਸ਼ੇਸ਼ ਟਰੇਨਾਂ ਦੇ ਸੰਚਾਲਨ ਵਿੱਚ ਵੀ ਵਾਧਾ ਕੀਤਾ ਗਿਆ। ਸਾਲ 2026 ਦੇ ਤਿਉਹਾਰੀ ਸੀਜ਼ਨ ਦੌਰਾਨ ਫਿਰੋਜ਼ਪੁਰ ਮੰਡਲ ਅਤੇ ਹੋਰ ਸਬੰਧਤ ਮੰਡਲਾਂ ਦੇ ਸਹਿਯੋਗ ਨਾਲ ਕੁੱਲ 168 ਵਿਸ਼ੇਸ਼ ਟਰੇਨ ਫੇਰੇ ਚਲਾਏ ਗਏ, ਜਦਕਿ ਪਿਛਲੇ ਸਾਲ ਇਹ ਗਿਣਤੀ 128 ਸੀ।
ਇਸ ਤੋਂ ਇਲਾਵਾ ਫਿਰੋਜ਼ਪੁਰ ਮੰਡਲ ਵਿੱਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵੀ ਵਧੀ ਹੈ। ਪਿਛਲੇ ਸਾਲ ਜਿੱਥੇ ਰੋਜ਼ਾਨਾ ਔਸਤਨ 1.10 ਲੱਖ ਯਾਤਰੀ ਸਫ਼ਰ ਕਰਦੇ ਸਨ, ਉੱਥੇ ਇਸ ਸਾਲ ਇਹ ਅੰਕੜਾ ਵਧ ਕੇ ਲਗਭਗ 1.28 ਲੱਖ ਤੱਕ ਪਹੁੰਚ ਗਿਆ। ਇਸ ਤਰ੍ਹਾਂ ਹਰ ਰੋਜ਼ ਕਰੀਬ 17,500 ਵਾਧੂ ਯਾਤਰੀਆਂ ਨੂੰ ਰੇਲ ਸਫ਼ਰ ਦੀ ਸਹੂਲਤ ਦਿੱਤੀ ਗਈ।
ਕੁੱਲ 58 ਲੱਖ ਯਾਤਰੀਆਂ ਵਿੱਚੋਂ ਲਗਭਗ 56 ਲੱਖ ਯਾਤਰੀਆਂ ਨੇ ਨਿਯਮਤ ਰੇਲ ਸੇਵਾਵਾਂ ਰਾਹੀਂ ਸਫ਼ਰ ਕੀਤਾ, ਜਦਕਿ 1.54 ਲੱਖ ਯਾਤਰੀਆਂ ਨੇ ‘ਟਰੇਨ ਆਨ ਡਿਮਾਂਡ’ ਦੇ ਆਧਾਰ ‘ਤੇ ਚਲਾਈਆਂ ਗਈਆਂ ਵਿਸ਼ੇਸ਼ ਟਰੇਨਾਂ ਦਾ ਲਾਭ ਲਿਆ।
ਯਾਤਰੀਆਂ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਮੰਡਲ ਵੱਲੋਂ ਨਿਯਮਤ ਟਰੇਨਾਂ ਵਿੱਚ ਵਾਧੂ ਕੋਚ ਵੀ ਲਗਾਏ ਗਏ। ਇਸ ਸਾਲ ਤਿਉਹਾਰੀ ਸਮੇਂ ਦੌਰਾਨ ਕੁੱਲ 77 ਵਾਧੂ ਕੋਚ ਲਗਾਏ ਗਏ, ਜਦਕਿ ਪਿਛਲੇ ਸਾਲ ਇਹ ਗਿਣਤੀ 54 ਸੀ। ਇਸ ਤਰ੍ਹਾਂ ਵਾਧੂ ਕੋਚ ਲਗਾਉਣ ਦੇ ਮਾਮਲੇ ਵਿੱਚ ਲਗਭਗ 43 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਇਸ ਸਬੰਧੀ ਮੰਡਲ ਰੇਲ ਪ੍ਰਬੰਧਕ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਵਿਸ਼ੇਸ਼ ਰੇਲ ਸੇਵਾਵਾਂ ਸ਼ੁਰੂ ਕਰਨ, ਨਿਯਮਤ ਟਰੇਨਾਂ ਵਿੱਚ ਵਾਧੂ ਕੋਚ ਲਗਾਉਣ ਅਤੇ ਯਾਤਰੀਆਂ ਦੀ ਮੰਗ ਦੀ ਰੀਅਲ-ਟਾਈਮ ਨਿਗਰਾਨੀ ਕਰਨ ਵਰਗੇ ਕਦਮਾਂ ਰਾਹੀਂ ਤਿਉਹਾਰੀ ਸੀਜ਼ਨ ਦੌਰਾਨ ਲੱਖਾਂ ਯਾਤਰੀਆਂ ਨੂੰ ਬਿਹਤਰ ਅਤੇ ਭਰੋਸੇਯੋਗ ਰੇਲ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।
