ਪੰਚਾਇਤੀ ਚੋਣਾਂ ‘ਚ ਫਰਜ਼ੀ ਅਧਿਆਪਕਾਂ ਦੁਆਰਾ ਹੇਰਾਫੇਰੀ ਦੇ ਆਰੋਪ, ਹਾਰੇ ਉਮੀਦਵਾਰ ਨੇ ਲਗਾਏ ਗੰਭੀਰ ਇਲਜ਼ਾਮ
- 184 Views
- kakkar.news
- March 28, 2025
- Politics Punjab
ਪੰਚਾਇਤੀ ਚੋਣਾਂ ‘ਚ ਫਰਜ਼ੀ ਅਧਿਆਪਕਾਂ ਦੁਆਰਾ ਹੇਰਾਫੇਰੀ ਦੇ ਆਰੋਪ, ਹਾਰੇ ਉਮੀਦਵਾਰ ਨੇ ਲਗਾਏ ਗੰਭੀਰ ਇਲਜ਼ਾਮ
ਫਿਰੋਜ਼ਪੁਰ 28 ਮਾਰਚ 2025 (ਅਨੁਜ ਕੱਕੜ ਟੀਨੂੰ)
ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਏ ਅਧੀਨ ਪਿੰਡ ਵਾਸਲ ਮੋਹਣਕੇ ਵਿਖੇ ਹਾਲ ਹੀਂ ਵਿੱਚ ਲੰਘੀ 15 ਅਕਤੂਬਰ ਨੂੰ ਹੋਈਆਂ ਸਰਪੰਚੀ ਚੋਣਾਂ ਵਿੱਚ ਵੱਡੇ ਪੱਧਰ ‘ਤੇ ਧਾਂਦਲੀ ਅਤੇ ਹੇਰਾਫੇਰੀ ਦੇ ਆਰੋਪ ਲੱਗੇ ਹਨ। ਸ਼ਿਕਾਇਤਕਰਤਾ ਉਮੀਦਵਾਰਾਂ ਨੇ ਦਾਅਵਾ ਕੀਤਾ ਹੈ ਕਿ ਦੋ ਸਰਕਾਰੀ ਈ ਟੀਟੀ ਅਧਿਆਪਕਾਂ ਨੇ ਫਰਜ਼ੀ ਤੌਰ ‘ਤੇ ਚੋਣ ਅਧਿਕਾਰੀ ਬਣਕੇ ਚੋਣ ਪ੍ਰਕਿਰਿਆ ਨੂੰ ਗ਼ਲਤ ਢੰਗ ਨਾਲ ਪ੍ਰਭਾਵਿਤ ਕੀਤਾ ਅਤੇ ਨਤੀਜਿਆਂ ਵਿੱਚ ਹੇਰਾਫੇਰੀ ਕਰਵਾਈ।
ਮਹਿਜ 5 ਵੋਟਾਂ ਤੋਂ ਹਾਰੇ ਹੋਏ ਉਮੀਦਵਾਰ ਮੱਖਣ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਵਾਸਲ ਮੋਹਣ ਕੇ ਦੀਆਂ ਸਰਪੰਚੀ ਚੋਣਾਂ ਲਈ ਪੰਜ ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਸੌਂਪੀ ਗਈ ਸੀ, ਪਰੰਤੂ ਦੋ ਈ ਟੀਟੀ ਅਧਿਆਪਕਾਂ ਨੇ ਬਿਨਾਂ ਅਧਿਕਾਰਤ ਦਸਤਾਵੇਜ਼ਾਂ ਦੇ ਆਪਣੇ ਆਪ ਨੂੰ ਚੋਣ ਅਧਿਕਾਰੀ ਦੱਸ ਕੇ ਚੋਣ ਪ੍ਰਕਿਰਿਆ ਵਿੱਚ ਦਖ਼ਲਅੰਦਾਜ਼ੀ ਕੀਤੀ। ਉਨ੍ਹਾਂ ਨੇ ਕਥਿਤ ਤੋਰ ਤੇ ਇਹ ਦੋਸ਼ ਵੀ ਲਗਾਏ ਕਿ ਇਹ ਅਧਿਆਪਕ ਓਹਨਾ ਦੀ ਵਿਰੋਧੀ ਧਿਰ ਦੀ ਮਦਦ ਵਾਸਤੇ ਹੀ ਓਥੇ ਮੌਜੂਦ ਸੀ ਅਤੇ 916 ਵੋਟਾਂ ਦੀ ਗਿਣਤੀ ਦਾ ਨਤੀਜਾ ਰਾਤ ਤਿੰਨ ਵਜੇ ਘੋਸ਼ਿਤ ਕਰਦੇ ਹੋਏ 28 ਵੋਟਾਂ ਨੂੰ ਰੱਦ ਕਰਕੇ ਵਿਰੋਧੀ ਉਮੀਦਵਾਰ ਨੂੰ ਗਲਤ ਢੰਗ ਨਾਲ ਜੇਤੂ ਘੋਸ਼ਿਤ ਕਰਵਾਇਆ।
ਮੱਖਣ ਸਿੰਘ ਨਾਲ ਆਏ ਰਜਨੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਸੀਸੀ ਟੀਵੀ ਫੁਟੇਜ ਸਮੇਤ ਹੋਰ ਸਬੂਤ ਮੌਜੂਦ ਹਨ, ਜਿਸ ਵਿੱਚ ਇਹ ਦੋਵੇਂ ਅਧਿਆਪਕ ਚੋਣ ਪ੍ਰਕਿਰਿਆ ਨੂੰ ਗ਼ਲਤ ਢੰਗ ਨਾਲ ਪ੍ਰਭਾਵਿਤ ਕਰਦੇ ਦਿਖਾਈ ਦਿੰਦੇ ਹਨ। ਇਹਨਾਂ ਵਿੱਚੋ ਇੱਕ ਜਿਲ੍ਹਾ ਤਰਨਤਾਰਨ ਦੇ ਸਰਕਾਰੀ ਸਕੂਲ ਵਿਚ ਤਾਇਨਾਤ ਦਸਿਆ ਜਾਂਦਾ ਹੈ ਜਦਕਿ ਦੂਜਾ ਫਿਰੋਜ਼ਪੁਰ ਜਿਲੇ ਚ ਤਾਇਨਾਤ ਹੈ ।
ਸ਼ਿਕਾਇਤਕਰਤਾ ਨੇ ਮੰਗ ਕੀਤੀ ਹੈ ਕਿ ਫਰਜ਼ੀ ਚੋਣ ਅਧਿਕਾਰੀ ਬਣੇ ਅਧਿਆਪਕਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ, ਅਤੇ ਇਹ ਵੀ ਪਤਾ ਲਗਾਇਆ ਜਾਵੇ ਕਿ ਇਸ ਵਿਚ ਓਥੇ ਮੌਜੂਦ ਕੋਈ ਚੋਣ ਅਫਸਰ, ਬੀ ਪੀ ਓ ਜਾਂ ਕੋਈ ਹੋਰ ਉੱਚ ਅਧਿਕਾਰੀ ਵੀ ਤਾ ਸ਼ਾਮਿਲ ਨਹੀਂ ਅਤੇ ਨਾਲ ਹੀ ਪੰਚਾਇਤ ਦੀਆਂ ਚੋਣਾਂ ਨੂੰ ਰੱਦ ਕਰਕੇ ਦੁਬਾਰਾ ਮੁੜ-ਚੋਣਾਂ ਕਰਵਾਈਆਂ ਜਾਣ।
ਇਸ ਮਾਮਲੇ ਨੂੰ ਲੈ ਕੇ ਜਦ ਏਡੀਸੀ ਡਿਵੈਲਪਮੈਂਟ ਨਾਲ ਗੱਲਬਾਤ ਕੀਤੀ ਗਈ ਤਾ ਓਹਨਾ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਸੰਬੰਧੀ ਲਿਖਤੀ ਸ਼ਿਕਾਇਤ ਮਿਲੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ , “ਪਾਰਟੀ ਵੱਲੋਂ ਦਿੱਤੇ ਗਏ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੜਤਾਲ ਮੁਕੰਮਲ ਹੋਣ ਉਪਰੰਤ ਕਾਰਵਾਈ ਕੀਤੀ ਜਾਵੇਗੀ।”
ਇਸ ਮਾਮਲੇ ਨੇ ਖੇਤਰ ਵਿੱਚ ਸਿਆਸੀ ਗਰਮਾਹਟ ਪੈਦਾ ਕਰ ਦਿੱਤੀ ਹੈ, ਅਤੇ ਪ੍ਰਸ਼ਾਸਨ ਦੁਆਰਾ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹੋਰ ਵਿਸਤ੍ਰਿਤ ਜਾਂਚ ਦੀ ਉਡੀਕ ਹੈ।


