ਫਿਰੋਜ਼ਪੁਰ: ਨਾਕਾਬੰਦੀ ਦੌਰਾਨ ਫਾਇਰਿੰਗ, ਦੋ ਅਪਰਾਧੀ ਜ਼ਖਮੀ, ਅਣਪਛਾਤਾ ਕਤਲ ਵੀ ਸੁਲਝਾਇਆ
- 127 Views
- kakkar.news
- April 27, 2025
- Crime Punjab
ਫਿਰੋਜ਼ਪੁਰ: ਨਾਕਾਬੰਦੀ ਦੌਰਾਨ ਫਾਇਰਿੰਗ, ਦੋ ਅਪਰਾਧੀ ਜ਼ਖਮੀ, ਅਣਪਛਾਤਾ ਕਤਲ ਵੀ ਸੁਲਝਾਇਆ
ਫਿਰੋਜ਼ਪੁਰ, 27 ਅਪ੍ਰੈਲ 2025 (ਅਨੁਜ ਕੱਕੜ ਟੀਨੂ):
ਜਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਅਪਰਾਧੀਆਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਿਲ ਹੋਈ ਹੈ।
ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਸ਼੍ਰੀ ਭੁਪਿੰਦਰ ਸਿੰਘ, ਪੀ.ਪੀ.ਐਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਅਪਰਾਧੀਆਂ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਲਈ ਵਚਨਬੱਧ ਹੈ। ਇਸੇ ਤਹਿਤ, ਕਪਤਾਨ ਪੁਲਿਸ (ਡੀ) ਸ੍ਰੀ ਮਨਜੀਤ ਸਿੰਘ ਅਤੇ ਉਪ ਕਪਤਾਨ ਪੁਲਿਸ (ਸ਼ਹਿਰੀ) ਸ੍ਰੀ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਇੰਸਪੈਕਟਰ ਮੋਹਿਤ ਧਵਨ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਟੀਮ ਨੇ ਨਾਕਾਬੰਦੀ ਦੌਰਾਨ ਤਿੰਨ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਨੌਜਵਾਨ ਮੋਟਰਸਾਈਕਲ ਮੋੜ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਗਊਸ਼ਾਲਾ ਰੋਡ ਨੇੜੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ । ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਦੌਰਾਨ ਦੋ ਦੋਸ਼ੀ ਜਸ਼ਨ ਉਰਫ ਤੇਜੀ ਅਤੇ ਗੌਰਵ ਉਰਫ ਕ੍ਰਿਸ਼ ਜ਼ਖਮੀ ਹੋ ਗਏ। ਦੋਸ਼ੀਆਂ ਕੋਲੋਂ 4 ਪਿਸਟਲ ਅਤੇ ਗੋਲੀਆਂ ਬਰਾਮਦ ਹੋਈਆਂ। ਦੋਸ਼ੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਮਾਮਲੇ ਦੀ ਜਾਂਚ ਤਹਿਤ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ।
ਮੁਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਦੋਸ਼ੀ ਮਿਤੀ 24 ਅਪ੍ਰੈਲ ਨੂੰ ਬਾਂਸੀ ਗੇਟ ਵਿਖੇ ਮਿਉਂਸੀਪਲ ਕੌਂਸਲਰ ਮੌਂਟੀ ਉੱਤੇ ਕਤਲ ਦੀ ਨੀਅਤ ਨਾਲ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਵੀ ਲਪੇਟੇ ਗਏ ਹਨ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਇਸ ਦੇ ਨਾਲ, ਮਿਤੀ 22 ਅਪ੍ਰੈਲ ਨੂੰ ਮੈਗਜ਼ੀਨੀ ਗੇਟ ਨੇੜੇ ਹੋਏ ਅਣਪਛਾਤੇ ਨੌਜਵਾਨ ਦੇ ਕਤਲ ਦੀ ਗੁੱਥੀ ਨੂੰ ਵੀ ਪੁਲਿਸ ਨੇ ਸੁਲਝਾ ਲਿਆ ਹੈ। ਹੱਤਿਆ ਦੇ ਮੁੱਖ ਦੋਸ਼ੀ ਗਗਨਦੀਪ ਸਿੰਘ ਉਰਫ ਦੀਪੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਹੋਰ ਸਾਥੀਆਂ ਦੀ ਗ੍ਰਿਫਤਾਰੀ ਲਈ ਜ਼ੋਰਸ਼ੋਰ ਨਾਲ ਰੇਡ ਕੀਤੀਆਂ ਜਾ ਰਹੀਆਂ ਹਨ।
ਜਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਫਿਰੋਜ਼ਪੁਰ ਵਿੱਚ ਅਮਨ-ਚੈਨ ਬਣਾਈ ਰੱਖਣ ਲਈ ਅਪਰਾਧੀਆਂ ਖ਼ਿਲਾਫ਼ ਗਤੀਵਿਧੀਆਂ ਅਜੇ ਹੋਰ ਤੇਜ਼ ਕੀਤੀਆਂ ਜਾਣਗੀਆਂ।


