ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ: 13 ਕਿਲੋ 21 ਗ੍ਰਾਮ ਹੈਰੋਇਨ, ਪਿਸਤੌਲ ਤੇ 8 ਜਿੰਦੇ ਰੌਂਦਾਂ ਸਮੇਤ ਤਿੰਨ ਗ੍ਰਿਫ਼ਤਾਰ
- 106 Views
- kakkar.news
- August 2, 2025
- Punjab
ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ: 13 ਕਿਲੋ 21 ਗ੍ਰਾਮ ਹੈਰੋਇਨ, ਪਿਸਤੌਲ ਤੇ 8 ਜਿੰਦੇ ਰੌਂਦਾਂ ਸਮੇਤ ਤਿੰਨ ਗ੍ਰਿਫ਼ਤਾਰ
ਫਿਰੋਜ਼ਪੁਰ, 2 ਅਗਸਤ 2025 (ਅਨੁਜ ਕੱਕੜ ਟੀਨੂੰ)
ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਕੁੱਲ 13 ਕਿਲੋ 21 ਗ੍ਰਾਮ ਹੈਰੋਇਨ, ਇੱਕ ਪਿਸਤੌਲ ਜਿਸਦੇ ਪਾਰਟ ਖੁਲੇ ਹੋਏ ਸਨ ਅਤੇ 8 ਜਿੰਦੇ ਰੌਂਦ ਬਰਾਮਦ ਕੀਤੇ ਹਨ।
ਮਿਲੀ ਜਾਣਕਾਰੀ ਮੁਤਾਬਕ, ਸਬ ਇੰਸਪੈਕਟਰ ਇੱਕ ਪੁਲਿਸ ਪਾਰਟੀ ਸਮੇਤ ਪਿੰਡ ਮੋਹਕਮ ਵਾਲਾ ‘ਚ ਮੌਜੂਦ ਸੀ, ਜਦ ਉਹਨਾਂ ਨੂੰ ਇੱਕ ਮੋਨਾ ਨੌਜਵਾਨ ਐਕਟਿਵਾ ‘ਤੇ ਖੜਾ ਹੋਇਆ ਦਿੱਖਿਆ। ਨੌਜਵਾਨ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਉਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਐਕਟਿਵਾ ਦੇ ਪੈਰਦਾਨ ‘ਤੇ ਪਿਆ ਇਕ ਬੈਗ ਚੈੱਕ ਕਰਨ ‘ਤੇ 4 ਕਿਲੋ 720 ਗ੍ਰਾਮ ਹੈਰੋਇਨ, ਇੱਕ ਪਿਸਤੌਲ (ਜਿਸਦੇ ਸਾਰੇ ਪਾਰਟ ਖੁਲੇ ਹੋਏ ਸਨ) ਅਤੇ 8 ਜਿੰਦੇ ਰੌਂਦ ਮਿਲੇ। ਆਰੋਪੀ ਦੀ ਪਛਾਣ ਜੋਗਰਾਜ ਸਿੰਘ ਉਰਫ਼ ਸਮਰ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਆਸਲ ਵਜੋਂ ਹੋਈ ਹੈ।
ਇੱਕ ਹੋਰ ਘਟਨਾ ਵਿੱਚ, ਪੁਲਿਸ ਪਾਰਟੀ ਜਦ ਬਾਰਡਰ ਰੋਡ ਰੇਲਵੇ ਫਾਟਕ ਨੇੜੇ ਪਿੰਡ ਮਧਰੇ ‘ਚ ਗਸ਼ਤ ਕਰ ਰਹੀ ਸੀ, ਤਾਂ ਇਤਲਾਹ ਮਿਲੀ ਕਿ ਗੁਰਪ੍ਰੀਤ ਸਿੰਘ ਉਰਫ਼ ਗੋਰੀ ਪੁੱਤਰ ਗੁਰਦਿਆਲ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਕਾਲੀ ਪੁੱਤਰ ਹਰਨਾਮ ਸਿੰਘ – ਜੋ ਕਿ ਰਾਜੋ ਕੇ ਦੇ ਪਿੰਡ ਗੱਟੀ ਦੇ ਰਹਿਣ ਵਾਲੇ ਹਨ – ਪਿੰਡ ਗੋਖੀ ਵਾਲੇ ਨੇੜੇ ਹੈਰੋਇਨ ਲੈ ਕੇ ਖੜੇ ਹਨ।
ਪੁਲਿਸ ਨੇ ਦੋਹਾਂ ਨੂੰ ਮੌਕੇ ‘ਤੇ ਹੀ ਕਾਬੂ ਕਰਕੇ ਤਲਾਸ਼ੀ ਲਈ, ਜਿਸ ਦੌਰਾਨ ਉਨ੍ਹਾਂ ਕੋਲੋਂ 8 ਕਿਲੋ 301 ਗ੍ਰਾਮ ਹੈਰੋਇਨ ਬਰਾਮਦ ਹੋਈ।
ਦੋਹਾਂ ਮਾਮਲਿਆਂ ‘ਚ ਪੁਲਿਸ ਨੇ ਤਿੰਨ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ 13 ਕਿਲੋ 21 ਗ੍ਰਾਮ ਹੈਰੋਇਨ, ਇੱਕ ਪਿਸਤੌਲ ਅਤੇ 8 ਜਿੰਦੇ ਰੌਂਦ ਬਰਾਮਦ ਕੀਤੇ ਹਨ। ਤਿੰਨਾਂ ਦੇ ਖ਼ਿਲਾਫ਼ ਮੁਕੱਦਮੇ ਦਰਜ ਕਰ ਕੇ ਅੱਗੇ ਦੀ ਜਾਂਚ ਜਾਰੀ ਹੈ।
ਜ਼ਿਲ੍ਹਾ ਪੁਲਿਸ ਵਲੋਂ ਦੱਸਿਆ ਗਿਆ ਕਿ ਨਸ਼ਾ ਤਸਕਰੀ ਵਿਰੁੱਧ ਅਜਿਹੀਆਂ ਕਾਰਵਾਈਆਂ ਅਗਲੇ ਦਿਨਾਂ ‘ਚ ਹੋਰ ਤੇਜ਼ੀ ਨਾਲ ਕੀਤੀਆਂ ਜਾਣਗੀਆਂ, ਤਾਂ ਜੋ ਇਲਾਕੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।


