ਸਕੂਲ ਦੀ ਵਿਦਿਆਰਥਣ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼, ਪ੍ਰਸ਼ਾਸਨ ਦੀ ਚੁੱਪੀ ‘ਤੇ ਪਿੰਡ ਵਾਸੀਆਂ ਦਾ ਰੋਸ
- 63 Views
- kakkar.news
- October 16, 2025
- Punjab
ਸਕੂਲ ਦੀ ਵਿਦਿਆਰਥਣ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼, ਪ੍ਰਸ਼ਾਸਨ ਦੀ ਚੁੱਪੀ ‘ਤੇ ਪਿੰਡ ਵਾਸੀਆਂ ਦਾ ਰੋਸ
ਫਿਰੋਜ਼ਪੁਰ, 16 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਤੂਤ ਵਿੱਚ ਰਹਿਣ ਵਾਲੇ ਪਵਨ ਸਿੰਘ ਪੁੱਤਰ ਦਰਸ਼ਨ ਸਿੰਘ ਵੱਲੋਂ ਆਪਣੀ 17 ਸਾਲਾ ਧੀ ਨੂੰ ਤੰਗ ਪਰੇਸ਼ਾਨ ਕਰਨ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਕਰਦੇ ਹੋਏ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਪਿੰਡ ਦੇ ਸਾਬਕਾ ਸਰਪੰਚ, ਪੰਚਾਂ ਅਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।
ਪਵਨ ਸਿੰਘ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਦੀ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਧੀ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸਨੇ ਕਿਹਾ ਕਿ ਇਸ ਬਾਰੇ ਉਹ 4 ਜੂਨ 2025 ਅਤੇ 25 ਸਤੰਬਰ 2025 ਨੂੰ ਐਸ.ਐਚ.ਓ. ਕੁਲਗੜੀ ਅਤੇ ਐਸ.ਐਸ.ਪੀ. ਫਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਉਸਨੇ ਦੱਸਿਆ ਕਿ ਸ਼ਰਾਰਤੀ ਤੱਤਾਂ ਵੱਲੋਂ ਸਕੂਲ ਦੀਆਂ ਕੰਧਾਂ ‘ਤੇ ਉਸ ਦੀ ਧੀ ਖਿਲਾਫ ਭੱਦੀ ਸ਼ਬਦਾਵਲੀ ਲਿਖੀ ਗਈ ਹੈ। ਇਤਨਾ ਹੀ ਨਹੀਂ, ਜਦੋਂ ਉਸ ਦੀ ਧੀ ਸਕੂਲ ਜਾਂਦੀ ਸੀ, ਤਾਂ ਉਸ ਦੇ ਬੈਗ ਵਿੱਚ ਅਸ਼ਲੀਲ ਸ਼ਬਦਾਂ ਵਾਲੇ ਕਾਗਜ਼ ਪਾ ਦਿੱਤੇ ਜਾਂਦੇ ਸਨ। ਇਹ ਹਰਕਤਾਂ ਨਾ ਸਿਰਫ਼ ਉਸ ਦੀ ਧੀ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰ ਰਹੀਆਂ ਹਨ, ਸਗੋਂ ਉਸਦੀ ਸਿੱਖਿਆ ਅਤੇ ਆਤਮ-ਵਿਸ਼ਵਾਸ ‘ਤੇ ਵੀ ਗੰਭੀਰ ਅਸਰ ਪਾ ਰਹੀਆਂ ਹਨ।
ਪਵਨ ਸਿੰਘ ਨੇ ਚਿੰਤਾ ਜਤਾਈ ਕਿ ਉਸ ਦੀ ਧੀ ਹੁਣ ਡਰ ਅਤੇ ਖੌਫ ਦੇ ਮਾਹੌਲ ਵਿੱਚ ਜੀ ਰਹੀ ਹੈ ਅਤੇ ਸਕੂਲ ਜਾਣ ਤੋਂ ਵੀ ਹਿਚਕ ਰਹੀ ਹੈ। ਉਸਨੇ ਕਿਹਾ ਕਿ ਜੇਕਰ ਇਸ ਮਾਮਲੇ ‘ਚ ਜਲਦ ਕਾਰਵਾਈ ਨਾ ਹੋਈ ਤਾਂ ਉਸਦੀ ਧੀ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੀ ਹੈ।
ਉਸਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਦੋਸ਼ੀ ਦੀ ਜਲਦ ਪਹਿਚਾਣ ਕਰਕੇ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੇ ਤੱਤਾਂ ਨੂੰ ਸਬਕ ਮਿਲੇ ਅਤੇ ਭਵਿੱਖ ਵਿੱਚ ਕਿਸੇ ਹੋਰ ਕੁੜੀ ਨਾਲ ਐਸੀ ਘਟਨਾ ਨਾ ਹੋਵੇ ।
ਇਸ ਮੌਕੇ ਪਵਨ ਸਿੰਘ ਦੇ ਨਾਲ ਸਾਬਕਾ ਸਰਪੰਚ ਸਵਰਨ ਸਿੰਘ, ਭੁਪਿੰਦਰ ਸਿੰਘ, ਪੰਚ ਹਰਜੀਤ ਸਿੰਘ, ਗੁਰਮੇਤ ਸਿੰਘ, ਸ਼ੀਲਾ ਸਿੰਘ, ਸ਼ਿੰਗਾਰਾ ਸਿੰਘ, ਅਵਤਾਰ ਸਿੰਘ ਅਤੇ ਹੋਰ ਪਿੰਡ ਵਾਸੀ ਵੀ ਮੌਜੂਦ ਸਨ, ਜਿਨ੍ਹਾਂ ਨੇ ਵੀ ਪ੍ਰਸ਼ਾਸਨ ਤੋਂ ਨਿਆਇਕ ਕਾਰਵਾਈ ਦੀ ਮੰਗ ਕੀਤੀ।
ਇਸ ਬਾਰੇ ਜਦ ਐਸ ਪੀ ਡੀ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਓਹਨਾ ਕਿਹਾ ਕੇ ਓਹਨਾ ਕੋਲ ਅਜੇ ਤਕ ਇਸ ਬਾਰੇ ਕੋਈ ਵੀ ਸ਼ਿਕਾਇਤ ਨਹੀਂ ਦਰਜ ਹੋਈ ,ਜਿਵੇ ਹੀ ਕਿਸੇ ਵਲੋਂ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਇਸ ਉਪਰ ਜਰੂਰ ਕਾਰਵਾਈ ਕਰਨਗੇ ਅਤੇ ਜਾਂਚ ਕਰਕੇ ਆਰੋਪੀਆਂ ਖਿਲਾਫ ਐਕਸ਼ਨ ਲਿਆ ਜਾਵੇਗਾ ।