ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ, 1 ਕਿਲੋ 253 ਗ੍ਰਾਮ ਹੈਰੋਇਨ ਸਮੇਤ 24 ਸਾਲਾ ਨੌਜਵਾਨ ਕਾਬੂ
- kakkar.news
- August 11, 2026
- Punjab
ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ, 1 ਕਿਲੋ 253 ਗ੍ਰਾਮ ਹੈਰੋਇਨ ਸਮੇਤ 24 ਸਾਲਾ ਨੌਜਵਾਨ ਕਾਬੂ
ਫਿਰੋਜ਼ਪੁਰ 11 ਅਗਸਤ 2026 (ਅਨੁਜ ਕੱਕੜ ਟੀਨੂੰ)
ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ 1 ਕਿਲੋ 253 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਕਾਬੂ ਕੀਤਾ ਗਿਆ ਨੌਜਵਾਨ ਸੰਨੀ ਪੁੱਤਰ ਰਾਜੂ, ਵਾਸੀ ਸੰਤ ਕਬੀਰ ਨਗਰ, ਅਲੀ ਕੇ ਰੋਡ, ਬਸਤੀ ਬਾਗ ਵਾਲੀ, ਫਿਰੋਜ਼ਪੁਰ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਨੌਜਵਾਨ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਆਪਣੇ ਕੋਲ ਹੈਰੋਇਨ ਰੱਖ ਕੇ ਮੱਛੀ ਮੰਡੀ ਤੋਂ ਅੱਗੇ ਕੁੰਡੇ ਰੋਡ ਨੇੜੇ ਇੱਕ ਖੰਡਰ ਬਿਲਡਿੰਗ ਕੋਲ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਹੈ। ਸੂਚਨਾ ਨੂੰ ਪੱਕਾ ਕਰਦਿਆਂ ਪੁਲਿਸ ਟੀਮ ਵੱਲੋਂ ਉਕਤ ਜਗ੍ਹਾ ’ਤੇ ਰੇਡ ਕੀਤੀ ਗਈ।
ਕਾਰਵਾਈ ਦੌਰਾਨ ਪੁਲਿਸ ਨੇ ਸੰਨੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 1 ਕਿਲੋ 253 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਅਨੁਸਾਰ ਹੈਰੋਇਨ ਇੱਕ ਕਾਲੇ ਰੰਗ ਦੇ ਕਿੱਟ ਬੈਗ ਵਿੱਚ ਰੱਖੀ ਹੋਈ ਸੀ।
ਕਾਬੂ ਕੀਤੇ ਗਏ ਨੌਜਵਾਨ ਦੀ ਉਮਰ ਕਰੀਬ 24 ਸਾਲ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਉਸ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 61 ਅਤੇ 85 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਡੀਐਸਪੀ ਸੁਖਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦੀ ਅਮੀਰ ਬਣਨ ਅਤੇ ਬਿਨਾਂ ਮਿਹਨਤ ਦੇ ਪੈਸਾ ਕਮਾਉਣ ਦੇ ਲਾਲਚ ਵਿੱਚ ਨਸ਼ਿਆਂ ਜਾਂ ਕਿਸੇ ਹੋਰ ਗਲਤ ਰਾਹ ’ਤੇ ਨਾ ਜਾਣ।
ਉਨ੍ਹਾਂ ਕਿਹਾ ਕਿ ਗਲਤ ਰਾਹ ’ਤੇ ਪੈਣ ਵਾਲੇ ਨੌਜਵਾਨ ਜੇਕਰ ਕਾਨੂੰਨ ਦੀ ਪਕੜ ਵਿੱਚ ਆ ਜਾਂਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਸਲਾਖਾਂ ਪਿੱਛੇ ਗੁਜ਼ਰ ਸਕਦਾ ਹੈ। ਇਸ ਲਈ ਨੌਜਵਾਨਾਂ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਆਪਣਾ ਭਵਿੱਖ ਬਣਾਉਣਾ ਚਾਹੀਦਾ ਹੈ, ਕਿਉਂਕਿ ਨਸ਼ਿਆਂ ਅਤੇ ਅਪਰਾਧ ਦੇ ਰਾਹ ’ਤੇ ਹਨੇਰੇ ਤੋਂ ਇਲਾਵਾ ਕੁਝ ਹਾਸਲ ਨਹੀਂ ਹੁੰਦਾ।
