ਟਿਕਟ ਚੈਕਿੰਗ ਰਾਹੀਂ ਫਿਰੋਜ਼ਪੁਰ ਰੇਲਵੇ ਮੰਡਲ ਨੇ ਇੱਕ ਦਿਨ ਵਿੱਚ ਕਮਾਇਆ 15 ਲੱਖ ਰੁਪਏ ਦਾ ਰਿਕਾਰਡ ਮਾਲੀਆ
- kakkar.news
- November 19, 2026
- Punjab Railways
ਟਿਕਟ ਚੈਕਿੰਗ ਰਾਹੀਂ ਫਿਰੋਜ਼ਪੁਰ ਰੇਲਵੇ ਮੰਡਲ ਨੇ ਇੱਕ ਦਿਨ ਵਿੱਚ ਕਮਾਇਆ 15 ਲੱਖ ਰੁਪਏ ਦਾ ਰਿਕਾਰਡ ਮਾਲੀਆ
ਲੁਧਿਆਣਾ ਦੇ ਟਿਕਟ ਇੰਸਪੈਕਟਰ ਰਾਮਰੂਪ ਮੀਨਾ ਨੇ ਇਕੱਲਿਆਂ ਇੱਕ ਦਿਨ ਵਿੱਚ ਇੱਕ ਲੱਖ ਰੁਪਏ ਤੋਂ ਵੱਧ ਦਾ ਮਾਲੀਆ ਕੀਤਾ ਹਾਸਲ
ਫਿਰੋਜ਼ਪੁਰ, 19 ਨਵੰਬਰ 2026 ( ਅਨੁਜ ਕੱਕੜ ਟੀਨੂੰ )
ਉੱਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ਨੇ ਟਿਕਟ ਚੈਕਿੰਗ ਮੁਹਿੰਮ ਤਹਿਤ ਇੱਕ ਦਿਨ ਵਿੱਚ 15 ਲੱਖ ਰੁਪਏ ਦਾ ਮਾਲੀਆ ਇਕੱਠਾ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਹ ਪ੍ਰਾਪਤੀ 18 ਨਵੰਬਰ ਨੂੰ ਚਲਾਈ ਗਈ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਦੌਰਾਨ ਹਾਸਲ ਹੋਈ।
ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਹੇਠ ਰੇਲਵੇ ਸਟੇਸ਼ਨਾਂ ਦੀਆਂ ਟਿਕਟ ਖਿੜਕੀਆਂ ਤੋਂ ਟਿਕਟਾਂ ਦੀ ਵਿਕਰੀ ਵਧਾਉਣ ਅਤੇ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਰੋਕਣ ਲਈ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਟਿਕਟ ਚੈਕਿੰਗ ਸਟਾਫ਼ ਦੀ ਕਾਰਗੁਜ਼ਾਰੀ ਵੀ ਸ਼ਲਾਘਾਯੋਗ ਰਹੀ। ਲੁਧਿਆਣਾ ਹੈੱਡਕੁਆਰਟਰ ਦੇ ਟਿਕਟ ਇੰਸਪੈਕਟਰ ਰਾਮਰੂਪ ਮੀਨਾ ਨੇ ਇਕੱਲਿਆਂ ਇੱਕ ਦਿਨ ਵਿੱਚ ਇੱਕ ਲੱਖ ਰੁਪਏ ਤੋਂ ਵੱਧ ਦਾ ਮਾਲੀਆ ਇਕੱਠਾ ਕੀਤਾ।
ਇਹ ਵਿਸ਼ੇਸ਼ ਚੈਕਿੰਗ ਮੁਹਿੰਮ ਲੁਧਿਆਣਾ-ਅੰਮ੍ਰਿਤਸਰ, ਫਿਰੋਜ਼ਪੁਰ-ਬਠਿੰਡਾ, ਲੁਧਿਆਣਾ-ਜਲੰਧਰ ਕੈਂਟ ਸਮੇਤ ਮੰਡਲ ਦੇ ਵੱਖ-ਵੱਖ ਰੇਲ ਮਾਰਗਾਂ ‘ਤੇ ਚਲਾਈ ਗਈ। ਇਸ ਦੌਰਾਨ ਬਿਨਾਂ ਟਿਕਟ ਅਤੇ ਗਲਤ ਜਾਂ ਅਨਿਯਮਿਤ ਟਿਕਟਾਂ ‘ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸਹੀ ਟਿਕਟ ਲੈ ਕੇ ਹੀ ਯਾਤਰਾ ਕਰਨ ਲਈ ਜਾਗਰੂਕ ਕੀਤਾ ਗਿਆ।
ਇਸ ਤੋਂ ਇਲਾਵਾ ਯਾਤਰੀਆਂ ਨੂੰ ਰੇਲਵੇ ਦੀ ਰੇਲਵਨ (RailOne) ਐਪ ਰਾਹੀਂ ਰਾਖਵੀਆਂ ਅਤੇ ਗੈਰ-ਰਾਖਵੀਆਂ ਟਿਕਟਾਂ ਬੁੱਕ ਕਰਨ ਦੀ ਸਹੂਲਤ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਸੀਨੀਅਰ ਮੰਡਲ ਵਣਜ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਵੱਲੋਂ ਦਿੱਤੀ ਗਈ।
