ਫਿਰੋਜ਼ਪੁਰ ਰੇਲ ਮੰਡਲ ਵਿੱਚ ਟਰੈਕਟਰ ਮਾਲ ਢੁਆਈ ਵਿੱਚ 45 ਫੀਸਦੀ ਵਾਧਾ
- kakkar.news
- August 18, 2026
- Punjab Railways
ਫਿਰੋਜ਼ਪੁਰ ਰੇਲ ਮੰਡਲ ਵਿੱਚ ਟਰੈਕਟਰ ਮਾਲ ਢੁਆਈ ਵਿੱਚ 45 ਫੀਸਦੀ ਵਾਧਾ
ਫਿਰੋਜ਼ਪੁਰ, 18 ਅਗਸਤ 2026(ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਰੇਲ ਮੰਡਲ ਨੇ ਮਾਲ ਢੁਆਈ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਮੰਡਲ ਰੇਲ ਪ੍ਰਬੰਧਕ ਸ੍ਰੀ ਸੰਜੀਵ ਕੁਮਾਰ ਦੀ ਅਗਵਾਈ ਹੇਠ ਬਿਜ਼ਨਸ ਡਿਵੈਲਪਮੈਂਟ ਯੂਨਿਟ (BDU) ਵੱਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਦੇ ਨਤੀਜੇ ਵਜੋਂ ਜੁਲਾਈ 2026 ਦੌਰਾਨ ਟਰੈਕਟਰਾਂ ਦੀਆਂ 35 ਰੈਕ ਲੋਡਿੰਗ ਦਰਜ ਕੀਤੀਆਂ ਗਈਆਂ।
ਇਹ ਅੰਕੜਾ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਹੋਈਆਂ 24 ਰੈਕ ਲੋਡਿੰਗ ਦੇ ਮੁਕਾਬਲੇ ਲਗਭਗ 45 ਫੀਸਦੀ ਵੱਧ ਹੈ। ਇਸ ਵਾਧੇ ਨਾਲ ਨਾ ਸਿਰਫ਼ ਮੰਡਲ ਦੇ ਮਾਲ ਢੁਆਈ ਕਾਰੋਬਾਰ ਵਿੱਚ ਇਜ਼ਾਫਾ ਹੋਇਆ ਹੈ, ਸਗੋਂ ਰੇਲਵੇ ਦੀ ਆਮਦਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ।
ਬਿਜ਼ਨਸ ਡਿਵੈਲਪਮੈਂਟ ਯੂਨਿਟ ਵੱਲੋਂ ਵੱਖ-ਵੱਖ ਹਿੱਤਧਾਰਕਾਂ ਨਾਲ ਲਗਾਤਾਰ ਮੀਟਿੰਗਾਂ ਅਤੇ ਬਿਹਤਰ ਤਾਲਮੇਲ ਰਾਹੀਂ ਗਾਹਕਾਂ ਦੀਆਂ ਲੋੜਾਂ ਨੂੰ ਸਮਝਦੇ ਹੋਏ ਮਾਲ ਢੁਆਈ ਨੂੰ ਰੇਲਵੇ ਵੱਲ ਆਕਰਸ਼ਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਰੇਲਵੇ ਵੱਲੋਂ ਕਿਫਾਇਤੀ, ਸਮੇਂ ਸਿਰ ਅਤੇ ‘ਡੋਰ-ਟੂ-ਡੋਰ’ ਮਾਲ ਢੁਆਈ ਸੇਵਾ ਮੁਹੱਈਆ ਕਰਵਾਉਣ ਨਾਲ ਵਪਾਰੀਆਂ ਦਾ ਰੇਲਵੇ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੋਇਆ ਹੈ।
ਰੇਲਵੇ ਅਧਿਕਾਰੀਆਂ ਮੁਤਾਬਕ ਇਹ ਉਪਲਬਧੀ ਫਿਰੋਜ਼ਪੁਰ ਮੰਡਲ ਦੀ ਕੁਸ਼ਲ ਕਾਰਗੁਜ਼ਾਰੀ, ਬਿਹਤਰ ਤਾਲਮੇਲ ਅਤੇ ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਜਨਕ ਸੇਵਾਵਾਂ ਦਾ ਨਤੀਜਾ ਹੈ। ਮੰਡਲ ਵੱਲੋਂ ਮਾਲ ਢੁਆਈ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਗਾਹਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਜਾਰੀ ਹਨ।
