ਪੰਜਾਬ ਬੰਦ ਦੇ ਚਲਦਿਆਂ ਫਿਰੋਜ਼ਪੁਰ ਵਿੱਚ ਦੁਕਾਨਾਂ ਬੰਦ, ਸੜਕਾਂ ’ਤੇ ਧਰਨਾ
- kakkar.news
- August 21, 2026
- Politics Punjab
ਪੰਜਾਬ ਬੰਦ ਦੇ ਚਲਦਿਆਂ ਫਿਰੋਜ਼ਪੁਰ ਵਿੱਚ ਦੁਕਾਨਾਂ ਬੰਦ, ਸੜਕਾਂ ’ਤੇ ਧਰਨਾ
ਫਿਰੋਜ਼ਪੁਰ 21 ਅਗਸਤ 2026 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਵਿੱਚ ਕੌਮੀ ਇਨਸਾਫ਼ ਮੋਰਚੇ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਫਿਰੋਜ਼ਪੁਰ ਦੀ ਸੱਤ ਨੰਬਰ ਚੁੰਗੀ ’ਤੇ ਨੈਸ਼ਨਲ ਹਾਈਵੇਅ ’ਤੇ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਹੈ, ਜਿਸ ਕਾਰਨ ਲੁਧਿਆਣਾ, ਚੰਡੀਗੜ੍ਹ, ਜਲੰਧਰ, ਜ਼ੀਰਾ ਅਤੇ ਅਬੋਹਰ ਵੱਲ ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।
ਧਰਨਾਕਾਰੀਆਂ ਵੱਲੋਂ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਖੁੱਲ੍ਹੇ ਹੋਏ ਬੈਂਕ ਅਤੇ ਨਗਰ ਕੌਂਸਲ ਦਫ਼ਤਰ ਵੀ ਬੰਦ ਕਰਵਾਏ ਗਏ ਹਨ। ਬੰਦ ਅਤੇ ਧਰਨੇ ਕਾਰਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੌਮੀ ਇਨਸਾਫ਼ ਮੋਰਚੇ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ ਫਿਰੋਜ਼ਪੁਰ ਪੁਲਿਸ ਵੱਲੋਂ ਸਵੇਰੇ 7 ਵਜੇ ਤੋਂ ਹੀ ਸ਼ਹਿਰ ਅਤੇ ਵੱਖ-ਵੱਖ ਸੰਵੇਦਨਸ਼ੀਲ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਪੁਲਿਸ ਵੱਲੋਂ ਸਥਿਤੀ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਕਿਸੇ ਵੀ ਸ਼ਰਾਰਤੀ ਅਨਸਰ ਨਾਲ ਸਖ਼ਤੀ ਨਾਲ ਨਜਿੱਠਣ ਲਈ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਵੱਖ-ਵੱਖ ਥਾਵਾਂ ’ਤੇ ਪੁਲਿਸ ਦੇ ਨਾਕੇ ਲੱਗੇ ਹੋਏ ਹਨ ਅਤੇ ਪੁਲਿਸ ਵੱਲੋਂ ਪੂਰੇ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ।
