ਫਿਰੋਜ਼ਪੁਰ ਛਾਉਣੀ ਦੇ ਮੇਲੇ ’ਚ ਦਰਦਨਾਕ ਹਾਦਸਾ, ਕਰੰਟ ਲੱਗਣ ਨਾਲ 8 ਸਾਲਾ ਬੱਚੀ ਦੀ ਮੌਤ
- kakkar.news
- September 1, 2026
- Punjab
ਫਿਰੋਜ਼ਪੁਰ ਛਾਉਣੀ ਦੇ ਮੇਲੇ ’ਚ ਦਰਦਨਾਕ ਹਾਦਸਾ, ਕਰੰਟ ਲੱਗਣ ਨਾਲ 8 ਸਾਲਾ ਬੱਚੀ ਦੀ ਮੌਤ
ਫਿਰੋਜ਼ਪੁਰ 1 ਸਤੰਬਰ 2026 ( ਅਨੁਜ ਕੱਕੜ ਟੀਨੂ )
ਫਿਰੋਜ਼ਪੁਰ ਛਾਉਣੀ ਵਿੱਚ ਲੱਗੇ ਮੇਲੇ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਪਾਸੇ ਮੇਲੇ ਵਿੱਚ ਲੱਗੀਆਂ ਝੂਲਿਆਂ ਅਤੇ ਹੋਰ ਮਨੋਰੰਜਨ ਦੀਆਂ ਚੀਜ਼ਾਂ ਦਾ ਬੱਚੇ ਆਨੰਦ ਲੈ ਰਹੇ ਸਨ, ਉੱਥੇ ਹੀ ਦੂਜੇ ਪਾਸੇ ਇਹ ਮੇਲਾ ਇੱਕ 8 ਸਾਲਾ ਬੱਚੀ ਦੀ ਜ਼ਿੰਦਗੀ ’ਤੇ ਭਾਰੀ ਪੈ ਗਿਆ।
ਹਾਦਸੇ ਵਿੱਚ ਦੀਵਾਨਸ਼ੀ ਨਾਮਕ 8 ਸਾਲਾ ਬੱਚੀ ਦੀ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਮੁਤਾਬਕ ਦੀਵਾਨਸ਼ੀ ਪੁੱਤਰੀ ਧਰਮ ਪ੍ਰਤਾਪ, ਜੋ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਮਿਹਨਤ-ਮਜ਼ਦੂਰੀ ਲਈ ਫਿਰੋਜ਼ਪੁਰ ਆਏ ਹੋਏ ਹਨ। ਪਰਿਵਾਰ ਨੇ ਦੱਸਿਆ ਕਿ ਦੀਵਾਨਸ਼ੀ ਆਪਣੇ ਮਾਮੇ ਦੇ ਬੱਚਿਆਂ ਨਾਲ ਮੇਲਾ ਦੇਖਣ ਲਈ ਗਈ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ, ਬੱਚੀ ਪਿਸ਼ਾਬ ਕਰਨ ਲਈ ਮੇਲੇ ਵਿੱਚ ਲੱਗੀਆਂ ਲੋਹੇ ਦੀਆਂ ਸ਼ੀਟਾਂ ਦੇ ਨੇੜੇ ਗਈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਹੇ ਦੀਆਂ ਸ਼ੀਟਾਂ ਵਿੱਚ ਕਰੰਟ ਆ ਰਿਹਾ ਸੀ, ਜਿਸ ਦੀ ਲਪੇਟ ਵਿੱਚ ਆਉਣ ਕਾਰਨ ਬੱਚੀ ਬੁਰੀ ਤਰ੍ਹਾਂ ਝੁਲਸ ਗਈ ਅਤੇ ਉਸ ਦੀ ਮੌਤ ਹੋ ਗਈ।
ਉੱਥੇ ਹੀ ਡਾਕਟਰ ਮਾਨਕ ਨੇ ਦੱਸਿਆ ਕਿ ਜਦੋਂ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਪਹਿਲਾਂ ਹੀ ਮ੍ਰਿਤਕ ਹਾਲਤ ਵਿੱਚ ਸੀ। ਮੁੱਢਲੀ ਜਾਂਚ ਮੁਤਾਬਕ ਮੌਤ ਕਰੰਟ ਲੱਗਣ ਕਾਰਨ ਹੋਈ ਹੈ। ਹਾਲਾਂਕਿ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਤੋਂ ਬਾਅਦ ਹੀ ਹੋ ਸਕੇਗੀ।
ਘਟਨਾ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਮ੍ਰਿਤਕ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

- September 1, 2026
ਐਸ.ਡੀ.ਸੀਨੀਅਰ.ਸੈਕੰਡਰੀ ਸਕੂਲ ਵਿਖੇ ਸਿਵਲ ਡਿਫੈਂਸ ਸਬੰਧੀ ਸਿਖਲਾਈ ਪ੍ਰੋਗਰਾਮ ਆਯੋਜਿਤ
- August 31, 2026