ਫਿਰੋਜ਼ਪੁਰ ਵਿੱਚ ਹੈਰੋਇਨ ਦੀ ਵੱਡੀ ਖੇਪ ਬਰਾਮਦ, ਦੋ ਆਰੋਪੀਆਂ ਦੀ ਗ੍ਰਿਫ਼ਤਾਰੀ ਨਾਲ ਮਚੀ ਹਲਚਲ
- kakkar.news
- October 24, 2026
- Crime Punjab
ਫਿਰੋਜ਼ਪੁਰ ANTF ਦੀ ਵੱਡੀ ਕਾਰਵਾਈ, 14 ਕਿਲੋ 965 ਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
ਮੋਟਰਸਾਈਕਲ ਰਾਹੀਂ ਹੈਰੋਇਨ ਦੀ ਸਪਲਾਈ ਕਰਨ ਦਾ ਸ਼ੱਕ, ਨਸ਼ਾ ਤਸਕਰੀ ਦੇ ਨੈੱਟਵਰਕ ਦੀਆਂ ਅਗਲੀਆਂ-ਪਿਛਲੀਆਂ ਕੜੀਆਂ ਖੰਗਾਲਣ ਵਿੱਚ ਜੁਟੀ ਪੁਲਿਸ
ਫਿਰੋਜ਼ਪੁਰ, 24 ਅਕਤੂਬਰ (ਅਨੁਜ ਕੱਕੜ ਟੀਨੂੰ)
ਪੰਜਾਬ ਵਿੱਚ ਨਸ਼ਾ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਫਿਰੋਜ਼ਪੁਰ ਰੇਂਜ ਨੂੰ ਵੱਡੀ ਸਫ਼ਲਤਾ ਮਿਲੀ ਹੈ। ਟਾਸਕ ਫੋਰਸ ਨੇ 14 ਕਿਲੋ 965 ਗ੍ਰਾਮ ਹੈਰੋਇਨ ਬਰਾਮਦ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਹੀਰੋ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ, ਜਿਸ ਦੀ ਵਰਤੋਂ ਕਥਿਤ ਤੌਰ ’ਤੇ ਹੈਰੋਇਨ ਦੀ ਢੋਆ-ਢੁਆਈ ਅਤੇ ਸਪਲਾਈ ਲਈ ਕੀਤੀ ਜਾ ਰਹੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਕੇਂਦਰੀ ਏਜੰਸੀ ਨਾਲ ਤਾਲਮੇਲ ਕਰਕੇ ਮਿਲੇ ਖੁਫ਼ੀਆ ਇਨਪੁੱਟ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ। ਆਪ੍ਰੇਸ਼ਨ ਡੀਐੱਸਪੀ ਪ੍ਰਿਥੀਪਾਲ ਸਿੰਘ ਦੀ ਨਿਗਰਾਨੀ ਹੇਠ ਅਤੇ ਸਬ-ਇੰਸਪੈਕਟਰ ਸਤਪਾਲ ਦੀ ਅਗਵਾਈ ਵਿੱਚ ਟੀਮ ਵੱਲੋਂ ਅੰਜਾਮ ਦਿੱਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਈਮਨ ਸਿੰਘ ਉਰਫ਼ ਸੈਮਲ, ਪੁੱਤਰ ਪਿਆਰਾ ਸਿੰਘ, ਅਤੇ ਹਰਭਜਨ ਸਿੰਘ ਉਰਫ਼ ਬੱਬੂ, ਪੁੱਤਰ ਸਤਪਾਲ ਸਿੰਘ, ਵਾਸੀ ਪਿੰਡ ਚਾਂਗਾ ਰਾਏ ਹਿਠਾੜ, ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ।
ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ, ਦੋਵਾਂ ਮੁਲਜ਼ਮਾਂ ਕੋਲੋਂ 14 ਕਿਲੋ 965 ਗ੍ਰਾਮ ਹੈਰੋਇਨ ਤੋਂ ਇਲਾਵਾ ਹੀਰੋ ਸਪਲੈਂਡਰ ਮੋਟਰਸਾਈਕਲ ਨੰਬਰ PB05AW0953 ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਐੱਫਆਈਆਰ ਨੰਬਰ 249, ਮਿਤੀ 23 ਅਕਤੂਬਰ 2026 ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਥਾਣੇ, ਐੱਸਏਐੱਸ ਨਗਰ ਵਿਖੇ ਦਰਜ ਕੀਤੀ ਗਈ ਹੈ।
ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਕਥਿਤ ਤੌਰ ’ਤੇ ਮੋਟਰਸਾਈਕਲ ਦੀ ਵਰਤੋਂ ਨਸ਼ੀਲੇ ਪਦਾਰਥਾਂ ਨੂੰ ਸਥਾਨਕ ਪੱਧਰ ’ਤੇ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਅਤੇ ਸਪਲਾਈ ਕਰਨ ਲਈ ਕਰ ਰਹੇ ਸਨ। ਪੁਲਿਸ ਵੱਲੋਂ ਹੁਣ ਹੈਰੋਇਨ ਦੀ ਖੇਪ ਦੇ ਅਸਲ ਸਰੋਤ, ਇਸ ਨਾਲ ਜੁੜੇ ਵਿੱਤੀ ਲੈਣ-ਦੇਣ, ਹਵਾਲਾ ਨੈੱਟਵਰਕ ਅਤੇ ਅੱਗੇ ਨਸ਼ਾ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਬਾਰੇ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ, ਇਸ ਮਾਮਲੇ ਦੀਆਂ ਅਗਲੀਆਂ ਅਤੇ ਪਿਛਲੀਆਂ ਕੜੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਅੱਗੇ ਵਧਣ ਦੇ ਨਾਲ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
