ਜ਼ਿਲ੍ਹੇ ਦੇ ਕਿਸਾਨ ਮੱਛੀ ਪਾਲਣ ਨੂੰ ਸਹਾਇਕ ਕਿੱਤੇ ਵਜੋਂ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ: ਸਹਾਇਕ ਡਾਇਰੈਕਟਰ ਮੱਛੀ ਪਾਲਣ, ਕਿਹਾ, ਮੱਛੀ ਪਾਲਣ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ 40 ਫ਼ੀਸਦੀ ਸਬਸਿਡੀ ਦਾ ਵੱਧ ਤੋਂ ਵੱਧ ਲਾਭ ਲੈਣ ਕਿਸਾਨ,
- 186 Views
- kakkar.news
- November 21, 2022
- Education Health Punjab
- ਜ਼ਿਲ੍ਹੇ ਦੇ ਕਿਸਾਨ ਮੱਛੀ ਪਾਲਣ ਨੂੰ ਸਹਾਇਕ ਕਿੱਤੇ ਵਜੋਂ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ: ਸਹਾਇਕ ਡਾਇਰੈਕਟਰ ਮੱਛੀ ਪਾਲਣ,
- ਕਿਹਾ, ਮੱਛੀ ਪਾਲਣ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ 40 ਫ਼ੀਸਦੀ ਸਬਸਿਡੀ ਦਾ ਵੱਧ ਤੋਂ ਵੱਧ ਲਾਭ ਲੈਣ ਕਿਸਾਨ,
ਫਾਜ਼ਿਲਕਾ 21 ਨਵੰਬਰ ਅਨੁਜ ਕੱਕੜ ਟੀਨੂੰ
ਪੰਜਾਬ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾ ਹੇਠ ਵਿਸ਼ਵ ਮੱਛੀ ਪਾਲਣ ਦਿਵਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਫਾਜ਼ਿਲਕਾ ਦਲਜੀਤ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ ਪਾਲਣ ਨੂੰ ਖੇਤੀਬਾੜੀ ਦੇ ਸਹਾਇਕ ਕਿੱਤੇ ਵਜੋਂ ਅਪਣਾ ਕੇ ਆਪਣੇ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਮੱਛੀ ਪਾਲਣ ਦਾ ਕਿੱਤਾ ਅਪਨਾਉਣ ਲਈ 40 ਫ਼ੀਸਦੀ ਸਬਸਿਡੀ ਮੁਹੱਈਆ ਕਰਵਾ ਰਹੀ ਹੈ ਜਿਸ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਫਾਜ਼ਿਲਕਾ ਜ਼ਿਲ੍ਹਾ ਝੀਂਗਾ ਪਾਲਣ ਲਈ ਪੂਰੀ ਤਰ੍ਹਾਂ ਅਨੁਕੂਲ ਹੈ ਕਿਉਂਕਿ ਇੱਥੋਂ ਦਾ ਕੁਝ ਇਲਾਕਾ ਸੇਮ ਤੋਂ ਪ੍ਰਭਾਵਿਤ ਹੋਣ ਕਾਰਨ ਅਤੇ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਇੱਥੋ ਦੇ ਕਿਸਾਨ ਝੀਂਗਾ ਮੱਛੀ ਪਾਲਣ ਦੇ ਧੰਦੇ ਨੂੰ ਅਪਣਾ ਕੇ ਵਧੇਰੇ ਮੁਨਾਫਾ ਕਮਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮੱਛੀ ਪਾਲਕਾਂ ਨੂੰ ਵਧੀਆ ਮੱਛੀ ਪੂੰਗ ਮੁਹੱਈਆ ਕਰਵਾਉਣ ਲਈ ਪੰਜਾਬ ਵਿੱਚ 15 ਸਰਕਾਰੀ ਮੱਛੀ ਪੂੰਗ ਫ਼ਾਰਮ ਕਾਰਜਸ਼ੀਲ ਹਨ ਜਦਕਿ ਪਿੰਡ ਕਿੱਲਿਆਂਵਾਲੀ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਇੱਕ ਹੋਰ ਨਵਾਂ ਸਰਕਾਰੀ ਮੱਛੀ ਪੂੰਗ ਫ਼ਾਰਮ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਦੇ ਮੱਛੀ ਅਤੇ ਝੀਂਗਾ ਪਾਲਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਮੱਛੀ ਪਾਲਣ ਕਿੱਤੇ ਨੂੰ ਸੂਬੇ ਵਿੱਚ ਹੋਰ ਪ੍ਰਫੁੱਲਤ ਕਰਨ ਵਾਸਤੇ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਮੱਛੀ ਪਾਲਣ ਦੇ ਖੇਤਰ ਵਿੱਚ ਨਿਰੰਤਰ ਪ੍ਰਗਤੀ ਕਰ ਰਿਹਾ ਹੈ ਅਤੇ ਸੂਬੇ ਵਿੱਚ ਮੱਛੀ ਪਾਲਣ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਮੱਛੀ ਉਤਪਾਦਨ ਵਧਾਉਣ ਲਈ ਖ਼ਾਸ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸੇਮ ਅਤੇ ਖਾਰੇ ਪਾਣੀ ਨਾਲ ਪ੍ਰਭਾਵਤ ਤੇ ਜ਼ੀਰੋ ਆਮਦਨ ਵਾਲੀਆਂ ਜ਼ਮੀਨਾਂ ਵਿੱਚ ਝੀਂਗਾ ਪਾਲਣ ਕਰਵਾਇਆ ਜਾ ਰਿਹਾ ਹੈ ਤੇ ਇਹ ਫਾਜ਼ਿਲਕਾ ਜ਼ਿਲ੍ਹੇ ਵਿੱਚ ਵੀ ਕਰਵਾਇਆ ਜਾ ਰਿਹਾ ਹੈ ਜੋ ਕਿ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸਫ਼ਲ ਸਿੱਧ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲਾਭਪਾਤਰੀਆਂ ਨੂੰ ਮੱਛੀ ਪਾਲਣ ਦੇ ਵੱਖ-ਵੱਖ ਪ੍ਰਾਜੈਕਟਾਂ ਜਿਵੇਂ ਮੱਛੀ/ਝੀਂਗਾ ਪਾਲਣ ਲਈ ਨਵੇਂ ਤਲਾਬ ਤਿਆਰ ਕਰਨਾ, ਆਰ.ਏ.ਐਸ. ਅਤੇ ਬਾਇਉਫ਼ਲੋਕ ਸਿਸਟਮ ਦੀ ਸਥਾਪਨਾ, ਮੱਛੀ ਫ਼ੀਡ ਮਿੱਲਾਂ ਦੀ ਸਥਾਪਨਾ ਅਤੇ ਮੱਛੀ ਟਰਾਂਸਪੋਰਟ ਵਾਹਨਾਂ ਦੀ ਖ਼ਰੀਦ ਆਦਿ ਲਈ ਪ੍ਰਾਜੈਕਟ ਦੀ ਕੁੱਲ ਲਾਗਤ ‘ਤੇ 40 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੀਂਗੇ ਮੱਛੀ ਪਾਲਣ ਦੇ ਧੰਦੇ ਨੂੰ ਵੱਧ ਤੋਂ ਵੱਧ ਅਪਣਾਉਣ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਜ਼ਿਲ੍ਹੇ ਦੇ ਮੱਛੀ ਪਾਲਣ ਦਫਤਰ ਵਿੱਚ ਅਰਜ਼ੀਆਂ ਦੇ ਸਕਦੇ ਹਨ।


