ਸੋਲਿਡ ਵੇਸਟ ਮੈਨੇਜਮੈਂਟ ਸਬੰਧੀ ਸਮੂਹ ਨਗਰ ਕੌਂਸਲ, ਨਗਰ ਪੰਚਾਇਤਾਂ ਨੂੰ ਸਖਤ ਆਦੇਸ਼ ਜਾਰੀ :- ਏ ਡੀ ਸੀ
- 33 Views
- kakkar.news
- April 24, 2025
- Punjab
ਸੋਲਿਡ ਵੇਸਟ ਮੈਨੇਜਮੈਂਟ ਸਬੰਧੀ ਸਮੂਹ ਨਗਰ ਕੌਂਸਲ, ਨਗਰ ਪੰਚਾਇਤਾਂ ਨੂੰ ਸਖਤ ਆਦੇਸ਼ ਜਾਰੀ :- ਏ ਡੀ ਸੀ
ਫ਼ਿਰੋਜ਼ਪੁਰ, 24 ਅਪ੍ਰੈਲ 2025 (ਅਨੁਜ ਕੱਕੜ ਟੀਨੂੰ)
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਫਿਰੋਜ਼ਪੁਰ ਡਾ. ਨਿਧੀ ਕੁਮੁਦ ਬੰਬਾਹ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਨਗਰ ਕੌਂਸਲ/ਨਗਰ ਪੰਚਾਇਤਾਂ ਦੇ ਸਮੂਹ ਅਧਿਕਾਰੀਆਂ ਨਾਲ ਸਵੱਛਤਾ ਸੈਨੀਟੇਸ਼ਨ ਅਤੇ ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ-ਵੱਖ ਪਹਿਲੂਆਂ ਸਬੰਧੀ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਰੋਜ਼ਾਨਾ ਦੀ ਸਾਫ ਸਫਾਈ, ਡੋਰ ਟੂ ਡੋਰ ਕੱਚਰੇ ਦੀ ਕੁਲੈਕਸ਼ਨ, ਸੈਗਰੀਗੇਸ਼ਨ, ਰੋਜ਼ਾਨਾ ਦੇ ਕੱਚਰੇ ਦੀ ਪ੍ਰੋਸੈਸਿੰਗ, ਸੜਕਾਂ ਦੀ ਸਾਫ ਸਫਾਈ, ਸੜਕਾਂ ਉੱਪਰ ਪਏ ਖੱਡਿਆਂ ਨੂੰ ਭਰਨ, ਸਟਰੀਟ ਲਾਈਟਾਂ, ਪਾਣੀ ਦੀ ਸਪਲਾਈ, ਸੀਵਰੇਜ਼ ਦੀਆਂ ਸਮੱਸਿਆਵਾਂ ਆਦਿ ਸੈਨੀਟੇਸ਼ਨ ਦੇ ਵੱਖ ਵੱਖ ਪਹਿਲੂਆਂ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਸ਼ਹਿਰਾਂ ਦੀ ਸਾਫ-ਸਫਾਈ ਲਈ ਇੱਕ ਸਪੈਸ਼ਲ ਸੈਨੀਟੇਸ਼ਨ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਜਿਸ ਤਹਿਤ ਸਮੂਹ ਸ਼ਹਿਰਾਂ ਦੀਆਂ ਨਗਰ ਕੌਂਸਲ/ਨਗਰ ਪੰਚਾਇਤਾਂ ਦੇ ਕਰਮਚਾਰੀਆਂ ਅਧਿਕਾਰੀਆਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਸ਼ਹਿਰਾਂ ਨੂੰ ਹੋਰ ਵਧੇਰੇ ਸਾਫ ਸੁਥਰਾ ਅਤੇ ਕੱਚਰਾ ਮੁਕਤ ਕੀਤਾ ਜਾ ਸਕੇ। ਉਹਨਾਂ ਨੇ ਸਮੂਹ ਕਾਰਜ ਸਾਧਕ ਅਫਸਰਾਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਸਫਾਈ ਮੁਹਿੰਮ ਪੰਦਰਵਾੜਾ ਚਲਾਉਣ ਜਿਸ ਤਹਿਤ ਸਭ ਤੋਂ ਪਹਿਲਾਂ ਸਲੱਮ ਏਰੀਆ ਅਤੇ ਬਾਕੀ ਏਰੀਏ ਨੂੰ ਸਾਫ ਸੁਥਰਾ ਅਤੇ ਕੱਚਰਾ ਮੁਕਤ ਬਣਾਇਆ ਜਾਵੇ। ਉਨਾਂ ਨੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਕੀਤੇ ਕਿ ਉਹ ਖੁਦ ਫੀਲਡ ਅੰਦਰ ਜਾ ਕੇ ਸਫਾਈ ਦੀ ਜਾਂਚ ਕਰਕੇ ਰੋਜ਼ਾਨਾ ਦੀ ਪ੍ਰਗਤੀ ਰਿਪੋਰਟ ਉਹਨਾਂ ਨੂੰ ਪੇਸ਼ ਕਰਨਗੇ। ਇਸ ਸਬੰਧੀ ਉਹਨਾਂ ਨੇ ਦੱਸਿਆ ਕਿ ਸਮੂਹ ਸ਼ਹਿਰਾਂ ਵੱਲੋਂ ਰੋਜ਼ਾਨਾ ਨਾਈਟ ਸਵੀਪਿੰਗ ਦਾ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਸ਼ਹਿਰਾਂ ਦੇ ਕਮਰਸ਼ੀਅਲ ਏਰੀਏ ਅੰਦਰ ਨਾਈਟ ਸਵੀਪਿੰਗ ਅਤੇ ਗਾਰਬੇਜ ਦੀ ਕੁਲੈਕਸ਼ਨ ਕਰਵਾਈ ਜਾ ਰਹੀ ਹੈ।
ਇਸ ਮੌਕੇ ਤੇ ਕਾਰਜ ਸਾਧਕ ਅਫਸਰ ਸ਼੍ਰੀਮਤੀ ਪੂਨਮ ਭਟਨਾਗਰ ਫਿਰੋਜ਼ਪੁਰ ਅਤੇ ਮਮਦੋਟ, ਸ੍ਰੀ ਅਸ਼ੀਸ਼ ਕੁਮਾਰ ਨਗਰ ਕੌਂਸਲ ਤਲਵੰਡੀ ਭਾਈ ਅਤੇ ਮੁੱਦਕੀ, ਸ਼੍ਰੀਮਤੀ ਸ਼ਰਨਜੀਤ ਕੌਰ ਨਗਰ ਪੰਚਾਇਤ ਮੱਖੂ, ਕਾਰਜ ਸਾਧਕ ਅਫਸਰ ਸ਼੍ਰੀ ਜਗਦੀਸ਼ ਗਰਗ ਗੁਰੂਹਰਸਹਾਏ, ਸਹਾਇਕ ਮਿਉਂਸਪਲ ਇੰਜੀਨੀਅਰ ਸ਼੍ਰੀ ਲਵਪ੍ਰੀਤ ਸਿੰਘ ਅਤੇ ਸੁਪਰਡੈਂਟ ਸ਼੍ਰੀ ਸੁਖਪਾਲ ਸਿੰਘ ਵੀ ਮੌਜੂਦ ਸਨ।


