ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਫਿਰੋਜ਼ਪੁਰ ‘ਚ, ਲੈਂਡ ਪੂਲਿੰਗ ਅਤੇ ਸਮਾਰਟ ਮੀਟਰਾਂ ਦਾ ਕੀਤਾ ਗਿਆ ਵਿਰੋਧ
- 128 Views
- kakkar.news
- July 21, 2025
- Agriculture Punjab
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਫਿਰੋਜ਼ਪੁਰ ‘ਚ, ਲੈਂਡ ਪੂਲਿੰਗ ਅਤੇ ਸਮਾਰਟ ਮੀਟਰਾਂ ਦਾ ਕੀਤਾ ਗਿਆ ਵਿਰੋਧ
ਫਿਰੋਜ਼ਪੁਰ, 21 ਜੁਲਾਈ 2025 (ਅਨੁਜ ਕੱਕੜ ਟੀਨੂੰ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਜੋਨ ਆਗੂਆਂ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਹੇਠ ਗੁਰਦੁਆਰਾ ਕਰਮਸਰ ਸਾਹਿਬ (ਝੋਕ ਹਰੀਹਰ) ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਵੀ ਹਾਜ਼ਰੀ ਲਗਾਈ ਅਤੇ ਮੀਟਿੰਗ ਨੂੰ ਸੰਬੋਧਨ ਕੀਤਾ।
ਆਗੂਆਂ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪੋਲਿਸੀ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਇਹ ਨੀਤੀ ਪੰਜਾਬ ਦੀਆਂ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਨੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੱਗ ਰਹੇ ਸਮਾਰਟ ਚਿੱਪ ਵਾਲੇ ਪ੍ਰੀਪੇਡ ਮੀਟਰਾਂ ਦਾ ਵੀ ਵਿਰੋਧ ਕੀਤਾ ਅਤੇ ਇਹ ਮੀਟਰ ਕਿਸੇ ਵੀ ਹਾਲਤ ਵਿੱਚ ਨਾ ਲੱਗਣ ਦੇਣ ਦਾ ਐਲਾਨ ਕੀਤਾ।
ਕਿਸਾਨ ਆਗੂਆਂ ਨੇ ਭਗਵੰਤ ਮਾਨ ਸਰਕਾਰ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਸਰਕਾਰ ਹਰ ਮੋਰਚੇ ‘ਤੇ ਨਾਕਾਮ ਸਾਬਤ ਹੋਈ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਦਿੱਲੀ ਦੇ ਆਕਾਵਾਂ ਨੂੰ ਖੁਸ਼ ਕਰਨ ਅਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰਕੇ ਪੰਜਾਬ ਨੂੰ ਆਰਥਿਕ ਅਤੇ ਸਮਾਜਕ ਤੌਰ ‘ਤੇ ਕੰਗਾਲ ਕਰਨ ਵਿੱਚ ਲੱਗੀ ਹੋਈ ਹੈ।
ਆਗੂਆਂ ਨੇ ਨਸ਼ਿਆਂ ਦੀ ਸਮੱਸਿਆ, ਨੌਜਵਾਨਾਂ ਦੀ ਮੌਤਾਂ ਅਤੇ ਦਫਤਰਾਂ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਤੇ ਲੁੱਟ ਉੱਤੇ ਵੀ ਚਿੰਤਾ ਜ਼ਾਹਰ ਕੀਤੀ।
ਇਸ ਮੌਕੇ ਉਤੇ ਕਈ ਪ੍ਰਮੁੱਖ ਆਗੂ ਮੌਜੂਦ ਸਨ, ਜਿਨ੍ਹਾਂ ਵਿੱਚ ਗੁਰਮੇਲ ਸਿੰਘ ਫੱਤੇਵਾਲਾ, ਧਰਮ ਸਿੰਘ ਸਿੱਧੂ, ਗੁਰਬਖ਼ਸ਼ ਸਿੰਘ ਪੰਜ ਗਰਾਈਂ, ਬੂਟਾ ਸਿੰਘ ਕਰੀਕਲਾਂ, ਮੰਗਲ ਸਿੰਘ ਸਵਾਈਕੇ, ਗੱਬਰ ਸਿੰਘ ਫੁੱਲਰਵਾਨ, ਅਮਨਦੀਪ ਸਿੰਘ ਕੱਚਰਭੰਨ, ਗੁਰਮੇਲ ਸਿੰਘ ਫਿਰੋਜ਼ਪੁਰ, ਸੁਰਜੀਤ ਸਿੰਘ ਫੌਜੀ, ਵੀਰ ਸਿੰਘ ਨਿਜਾਮਦੀਨ ਵਾਲਾ, ਬਲਰਾਜ ਸਿੰਘ ਫੇਰੋਕੇ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਮੱਸਾ ਸਿੰਘ, ਮੱਖਣ ਸਿੰਘ ਵਾੜਾ, ਗੁਰਦਿਆਲ ਸਿੰਘ ਟਿੱਬੀ, ਸਾਹਿਬ ਸਿੰਘ ਦੀਨੇਕੇ, ਕੇਵਲ ਸਿੰਘ ਵਾਹਕਾ, ਅਤੇ ਬਚਿੱਤਰ ਸਿੰਘ ਦੂਲੇ ਵਾਲਾ ਆਦਿ ਸ਼ਾਮਿਲ ਸਨ।


