10 ਸਾਲਾ ਸ਼ਰਵਣ ਸਿੰਘ ਬਣਿਆ ਦੇਸ਼ ਦਾ ਸਭ ਤੋਂ ਛੋਟਾ ਸਿਵਲ ਵਾਰੀਅਰ, ਭਾਰਤੀ ਫੌਜ ਨੇ ਕੀਤਾ ਸਨਮਾਨਿਤ
- 90 Views
- kakkar.news
- July 23, 2025
- Punjab
10 ਸਾਲਾ ਸ਼ਰਵਣ ਸਿੰਘ ਬਣਿਆ ਦੇਸ਼ ਦਾ ਸਭ ਤੋਂ ਛੋਟਾ ਸਿਵਲ ਵਾਰੀਅਰ, ਭਾਰਤੀ ਫੌਜ ਨੇ ਕੀਤਾ ਸਨਮਾਨਿਤ
‘ਆਪਰੇਸ਼ਨ ਸਿੰਦੂਰ’ ਦੌਰਾਨ ਫੌਜੀਆਂ ਦੀ ਸੇਵਾ ਕਰਕੇ ਜਿੱਤਿਆ ਸਾਰਿਆਂ ਦਾ ਦਿਲ
ਫਿਰੋਜ਼ਪੁਰ, 23 ਜੁਲਾਈ 2025 (ਸਿਟੀਜ਼ਨਜ਼ ਵੋਇਸ)
ਦੇਸ਼ਭਕਤੀ ਸਿਰਫ਼ ਉਮਰ ਦੀ ਮੋਹਤਾਜ ਨਹੀਂ ਹੁੰਦੀ। ਇਹ ਗੱਲ ਸੱਚ ਕਰ ਦਿਖਾਈ ਹੈ 10 ਸਾਲਾ ਸ਼ਰਵਣ ਸਿੰਘ ਨੇ, ਜੋ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਤਰਾਂ ਵਾਲੀ ਦਾ ਰਹਿਣ ਵਾਲਾ ਹੈ। ‘ਆਪਰੇਸ਼ਨ ਸਿੰਦੂਰ’ ਦੌਰਾਨ ਜਦੋਂ ਭਾਰਤੀ ਫੌਜ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਸੀ, ਤਾਂ ਇਸ ਛੋਟੇ ਜਿਹੇ ਬੱਚੇ ਨੇ ਸਿਵਲ ਵਾਰੀਅਰ ਬਣ ਕੇ ਫੌਜੀਆਂ ਦੀ ਸੇਵਾ ਕਰਕੇ ਆਪਣੀ ਅਸਲ ਦੇਸ਼ਭਕਤੀ ਦਰਸਾਈ।
ਸ਼ਰਵਣ ਨੇ ਆਪਣੇ ਘਰ ਤੋਂ ਫੌਜੀਆਂ ਲਈ ਠੰਡਾ ਪਾਣੀ, ਦੁੱਧ, ਚਾਹ, ਲੱਸੀ, ਬਰਫ਼ ਵਗੈਰਹਾ ਪਹੁੰਚਾਈ। ਉਹ ਹਰ ਰੋਜ਼ ਜਵਾਨਾਂ ਕੋਲ ਜਾਂਦਾ, ਉਨ੍ਹਾਂ ਦੀ ਸਹਾਇਤਾ ਕਰਦਾ ਤੇ ਉਨ੍ਹਾਂ ਨਾਲ ਸਮਾਂ ਬਿਤਾਉਂਦਾ। ਉਸਦੇ ਪਿਤਾ ਸੋਹਣਾ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਜ਼ਮੀਨ ‘ਤੇ ਫੌਜੀ ਡਿਊਟੀ ਕਰ ਰਹੇ ਸਨ, ਤਾਂ ਸ਼ਰਵਣ ਪਹਿਲੇ ਦਿਨ ਤੋਂ ਹੀ ਉਨ੍ਹਾਂ ਦੀ ਸੇਵਾ ਵਿਚ ਜੁਟ ਗਿਆ ਸੀ। ਉਨ੍ਹਾਂ ਕਦੇ ਵੀ ਆਪਣੇ ਪੁੱਤਰ ਨੂੰ ਰੋਕਿਆ ਨਹੀਂ, ਕਿਉਂਕਿ ਉਸਦੀ ਦੇਸ਼ ਭਗਤੀ ਉਨ੍ਹਾਂ ਲਈ ਵੀ ਮਾਣ ਵਾਲੀ ਗੱਲ ਸੀ।
ਸ਼ਰਵਣ ਦੀ ਭੂਮਿਕਾ ਨੂੰ ਸਲਾਮ ਕਰਦਿਆਂ ਜੀਓਸੀ 7 ਇਨਫੈਂਟਰੀ ਡਿਵੀਜ਼ਨ, ਜਨਰਲ ਰਣਜੀਤ ਸਿੰਘ ਮਨਰਾਲ ਨੇ ਉਸਨੂੰ ਵਿਸ਼ੇਸ਼ ਤੌਰ ‘ਤੇ ਦੇਸ਼ ਦੇ ਸਭ ਤੋਂ ਛੋਟੇ ਸਿਵਲ ਵਾਰੀਅਰ ਵਜੋਂ ਸਨਮਾਨਿਤ ਕੀਤਾ। ਫੌਜ ਨੇ ਨਾ ਸਿਰਫ਼ ਉਨ੍ਹਾਂ ਨੂੰ ਉਪਹਾਰ ਦਿੱਤਾ, ਸਗੋਂ ਖ਼ਾਸ ਖਾਣਾ ਤੇ ਆਇਸਕ੍ਰੀਮ ਵੀ ਖਿਲਾਈ।
ਭਾਰਤੀ ਫੌਜ ਵਲੋਂ ਸ਼ਰਵਣ ਦੀ ਪੜ੍ਹਾਈ ਦੀ 12ਵੀਂ ਜਮਾਤ ਤੱਕ ਦੀ ਪੂਰੀ ਜ਼ਿੰਮੇਵਾਰੀ ਲੈ ਲਈ ਗਈ ਹੈ। ਸ਼ਰਵਣ ਨੂੰ ਸਰਕਾਰੀ ਸਕੂਲ ਤੋਂ ਹਟਾ ਕੇ ਪ੍ਰਾਈਵੇਟ ਸਕੂਲ ‘ਚ ਦਾਖਲ ਕਰਵਾਇਆ ਗਿਆ ਹੈ। ਉਸਨੂੰ ਸਕੂਲ ਬੈਗ, ਯੂਨੀਫਾਰਮ, ਲੰਚ ਬਾਕਸ, ਕਿਤਾਬਾਂ, ਬੂਟ, ਵਾਟਰ ਬੋਤਲ, ਕਲਰ ਬਾਕਸ ਕਿੱਟ ਭੀ ਦਿੱਤੀ ਗਈ।
ਇਸਦੇ ਨਾਲ ਹੀ, ਕਿਉਂਕਿ ਸ਼ਰਵਣ ਸ਼ੁਗਰ ਰੋਗ ਨਾਲ ਪੀੜਤ ਹੈ, ਭਾਰਤੀ ਫੌਜ ਨੇ ਉਸਦੇ ਇਲਾਜ ਦੀ ਵੀ ਜ਼ਿੰਮੇਵਾਰੀ ਲੈ ਲਈ ਹੈ।
ਸ਼ਰਵਣ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੌਜੀਆਂ ਦੇ ਨਾਲ ਰਹਿਣਾ ਬਹੁਤ ਚੰਗਾ ਲੱਗਦਾ ਹੈ ਅਤੇ ਵੱਡੇ ਹੋ ਕੇ ਉਹ ਖੁਦ ਵੀ ਭਾਰਤੀ ਫੌਜ ‘ਚ ਭਰਤੀ ਹੋਣਾ ਚਾਹੁੰਦਾ ਹੈ।


