ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਿਰੋਜ਼ਪੁਰ ਵੱਲੋ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਆਯੋਜਿਤ
- 33 Views
- kakkar.news
- October 11, 2025
- Punjab
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਿਰੋਜ਼ਪੁਰ ਵੱਲੋ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਆਯੋਜਿਤ
ਫਿਰੋਜ਼ਪੁਰ 11 ਅਕਤੂਬਰ 2025 (ਸਿਟੀਜਨਜ਼ ਵੋਇਸ)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਕਿਸਾਨਾਂ ਨੂੰ ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਆਦਿ ਖੇਤੀ ਇਨਪੁਟਸ ਦੀ ਸੰਜਮ ਨਾਲ ਵਰਤੋਂ ਅਤੇ ਨਾੜ-ਪਰਾਲੀ ਦੀ ਸੁਚੱਜੀ ਸੰਭਾਲ ਕਰਕੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਦੇ ਉਦੇਸ਼ ਨਾਲ ਹਾੜੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਸ੍ਰੀ ਰਣਧੀਰ ਸਿੰਘ ਠਾਕੁਰ, ਮੁੱਖ ਖੇਤੀਬਾੜੀ ਅਫਸਰ, ਫਿਰੋਜ਼ਪੁਰ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਫ਼ਤਰ ਮੁੱਖ ਖੇਤੀਬਾੜੀ ਅਫਸਰ, ਮੋਗਾ ਰੋਡ, ਫ਼ਿਰੋਜ਼ਪੁਰ ਵਿਖੇ ਆਯੋਜਿਤ ਕੀਤਾ ਗਿਆ। ਕੈਂਪ ਦਾ ਉਦਘਾਟਨ ਸ: ਫੌਜਾ ਸਿੰਘ ਸਰਾਰੀ ਐਮ.ਐਲ.ਏ ਗੁਰੂਹਰਸਹਾਏ ਅਤੇ ਸ੍ਰੀ ਨਰੇਸ਼ ਕਟਾਰੀਆਂ ਐਮ.ਐਲ.ਏ. ਜ਼ੀਰਾ ਜੀ ਵੱਲੋਂ ਕੀਤਾ ਗਿਆ ਅਤੇ ਉਹਨਾਂ ਵੱਲੋਂ ਕਿਸਾਨਾਂ ਨੂੰ ਹਾੜੀ ਵਿੱਚ ਕਣਕ ਦੇ ਬਦਲਵੇਂ ਪ੍ਰਬੰਧ ਵਜੋਂ ਹੋਰ ਫਸਲਾਂ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਅਪੀਲ ਕੀਤੀ ਗਈ ਤਾਂ ਜੋ ਵਾਤਾਵਰਣ ਨੂੰ ਬਚਾਇਆ ਜਾ ਸਕੇ। ਉਹਨਾਂ ਆਪਣੇ ਭਾਸ਼ਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਰਕਬੇ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ, ਰਾਹੀਂ ਮੁਫ਼ਤ ਕਣਕ ਦਾ ਸੁਧਰਿਆ ਹੋਇਆ ਬੀਜ ਦਿੱਤਾ ਜਾਵੇਗਾ।
ਇਸ ਮੌਕੇ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਰਜਨੀਸ਼ ਕੁਮਾਰ ਦਹੀਯਾ ਐਮ.ਐਲ.ਏ ਫ਼ਿਰੋਜ਼ਪੁਰ ਦਿਹਾਤੀ ਅਤੇ ਰਣਬੀਰ ਸਿੰਘ ਭੁੱਲਰ ਐਮ.ਐਲ.ਏ ਫਿਰੋਜ਼ਪੁਰ(ਸ਼ਹਿਰੀ) ਜੀ ਵੱਲੋਂ ਸ਼ੀਰਕਤ ਕੀਤੀ ਗਈ। ਮੁੱਖ ਮਹਿਮਾਨ ਵੱਲੋਂ ਕੈਂਪ ਵਿੱਚ ਭਾਗ ਲੈਣ ਲਈ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚੋਂ ਪਹੁੰਚੇ 1000 ਤੋਂ ਵੱਧ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਧਰਤੀ, ਪਾਣੀ ਤੇ ਹਵਾ ਕੁਦਰਤ ਵੱਲੋਂ ਮਨੁੱਖ ਨੂੰ ਦਿੱਤੀਆਂ ਬੇਸ਼ਕੀਮਤੀ ਨਿਆਮਤਾਂ ਹਨ ਜਿਨ੍ਹਾਂ ਦੀ ਰਾਖੀ ਅਤੇ ਸਾਂਭ-ਸੰਭਾਲ ਕਰਨਾ ਸਾਡਾ ਫਰਜ ਬਣਦਾ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਕਿਸਾਨ ਹਿੱਤ ਵਿਚ ਲਾਗੂ ਕੀਤੀਆਂ ਗਈਆਂ ਸਕੀਮਾਂ ਨੂੰ ਸਾਵੇਂ ਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਉੱਤੇ ਜ਼ੇਰ ਦਿੱਤਾ।
ਇਹ ਕੈਂਪ ਮਾਣਯੋਗ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੀ ਰਹਿਨੁਮਾਹੀ ਹੇਠ ਲਗਾਇਆ ਗਿਆ ਅਤੇ ਕੈਂਪ ਦੀ ਅਗਵਾਈ ਕਰਦੇ ਹੋਏ ਸ੍ਰੀ ਰਣਧੀਰ ਸਿੰਘ ਠਾਕੁਰ, ਮੁੱਖ ਖੇਤੀਬਾੜੀ ਅਫ਼ਸਰ, ਫ਼ਿਰੋਜ਼ਪੁਰ ਨੇ ਕਿਸਾਨਾਂ ਨੂੰ ਬੀਜ,ਖਾਦਾਂ ਅਤੇ ਕੀਟਨਾਸ਼ਕਾਂ ਦੀ ਸੰਜਮ ਨਾਲ ਵਰਤੋਂ ਕਰਦੇ ਹੋਏ ਵਾਤਾਵਰਣ ਦੀ ਸੰਭਾਲ ਕਰਨ ਦਾ ਹੱਕਾ ਦਿੱਤਾ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਵਿਸ਼ਵਾਸ ਦਵਾਉਂਦੇ ਹੋਏ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਹਾੜੀ ਰੁੱਤੇ ਲੋੜੀਂਦੀਆਂ ਖਾਦਾਂ ਸਹਿਤ ਮਿਆਰੀ ਖੇਤੀ ਇਨਪੁਟਸ ਦੀ ਸਪਲਾਈ ਯਕੀਨੀ ਬਣਾਉਣ ਦਾ ਹਰ ਹੀਲਾ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ।
ਮੁੱਖ ਖੇਤੀਬਾੜੀ ਅਫ਼ਸਰ ਫਿਰੋਜ਼ਪੁਰ ਵੱਲੋਂ ਸਾਲ 2025-26 ਦੌਰਾਨ ਕੀਤੇ ਕੰਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਾਲ 2025-26 ਦੌਰਾਨ ਬੀਜਾਂ ਦੇ 72. ਖਾਦਾਂ ਦੇ 109 ਅਤੇ ਕੀਟਨਾਸ਼ਕ ਦਵਾਈਆਂ ਦੇ 143 ਨਮੂਨੇ ਇੱਕਤਰ ਕੀਤੇ ਗਏ ਜਿਹਨਾਂ ਵਿੱਚੋਂ ਕੀਟਨਾਸ਼ਕ ਦਵਾਈਆਂ ਦੇ 02, ਖਾਦ ਦੇ 01 ਅਤੇ ਬੀਜ ਦੇ 03 ਸੈਂਪਲ ਗੈਰ-ਮਿਆਰੀ ਪਾਏ ਗਏ ਜਿਹਨਾਂ ਬਾਬਤ ਵਿਭਾਗ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਕਲਰ ਵਾਲੀਆਂ ਜਮੀਨਾਂ ਦੇ ਸੁਧਾਰ ਲਈ 50% ਉਪਦਾਨ ‘ਤੇ 335 ਟਨ ਜਿਪਸਮ 180 ਕਿਸਾਨਾਂ ਨੂੰ 205 ਰੂਪ ਨਾਲ ਮੁਹੱਈਆ ਕਰਵਾਈ ਗਈ ਹੈ। ਸੁਆਇਲ ਹੈਲਥ ਕਾਰਡ ਸਕੀਮ ਅਧੀਨ ਵਿਭਾਗ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚੋਂ 11302 ਨਮੂਨੇ ਪ੍ਰਾਪਤ ਕੀਤੇ ਗਏ ਜਿਹਨਾਂ ਦਾ ਵਿਸ਼ਲੇਸ਼ਣ ਕਰਕੇ ਨਤੀਜੇ ਸਬੰਧਤ ਕਿਸਾਨਾਂ ਨੂੰ ਦੇਣ ਦੀ ਪ੍ਰਕਿਰਿਆ ਜਾਰੀ ਹੈ। ਇਸ ਤੋਂ ਇਲਾਵਾ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਨੂੰ ਆਧੁਨਿਕ ਅਤੇ ਨਵੀਨਤਮ ਯੰਤਰਾਂ ਦੇ ਮਾਧਿਅਮ ਨਾਲ ਪਰਖੁ ਕਰਨ ਲਈ 1.39 ਕਰੋੜ ਦੀ ਲਾਗਤ ਨਾਲ ਆਈ.ਸੀ.ਪੀ ਤੋਂ ਪਰਖ ਪ੍ਰਯੋਗਸ਼ਾਲਾ ਸਥਾਪਿਤ ਹੋ ਚੁੱਕੀ ਹੈ। ਕੁੱਲ 584 ਪਿੰਡ-ਪੱਧਰੀ, ਬਲਾਕ-ਪੱਧਰੀ ਅਤੇ ਜ਼ਿਲ੍ਹਾ-ਪੱਧਰੀ ਕਿਸਾਨ ਸਿਖਲਾਈ ਕੈਂਪ ਨਵੀਨਤਮ ਖੇਤੀ ਟੈਕਨਾਲੋਜੀ ਅਤੇ ਖੇਤੀ ਮਾਹਿਰਾਂ ਦੀਆਂ ਸਿਫ਼ਾਰਿਸ਼ਾਂ ਦੇ ਪ੍ਰਸਾਰ ਹਿੱਤ ਲਗਾਏ ਗਏ ਹਨ। ‘ਆਤਮਾ’ ਸਕੀਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿੱਚ 02 ਐਕਸਪੋਜ਼ਰ ਵਿਸ਼ਿਟ, 01 ਫਾਰਮਰ ਸਾਇੰਟਿਸਟ ਇੰਟਰੈਕਸ਼ਨ, ਬਲਾਕ ਪੱਧਰੀ ਕਿਸਾਨ ਗੋਸ਼ਟੀਆਂ ਅਤੇ ਬਲਾਕ ਪੱਧਰੀ ਫਾਰਮ ਟ੍ਰੇਨਿੰਗਾਂ ਆਯੋਜਿਤ ਕਰਕੇ ਕਿਸਾਨਾਂ ਨੂੰ ਵੱਖ-ਵੱਖ ਵਿਸ਼ਿਆਂ ਬਾਬਤ ਟ੍ਰੇਨਿੰਗ ਮੁਹੱਈਆ ਕਰਵਾਈ ਗਈ ਹੈ। ਵਿਭਾਗ ਵੱਲੋਂ ਖੇਤੀਬਾੜੀ ਮਸ਼ੀਨਰੀ ਦੇ ਨਵੀਨੀਕਰਨ ਅਤੇ ਝੋਨੇ ਦੀ ਪਰਾਲੀ ਦੀ ਖੇਤਾਂ ਵਿੱਚ ਸਾਂਭ-ਸੰਭਾਲ ਕਰਨ ਲਈ ਕਰਾਪ ਰੈਜ਼ੀਡਿਊ ਮੈਨੇਜਮੈਂਟ ਸਕੀਮ ਅਧੀਨ 18.99/- ਰੁਪਏ ਦੇ ਉਪਦਾਨ ਦੀ ਰਾਸ਼ੀ ਨਾਲ 1093 ਮਸ਼ੀਨਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸਮੈਮ ਸਕੀਮ ਅਧੀਨ 80,72,000/- ਉਪਦਾਨ ਦੀ ਰਾਸ਼ੀ ਨਾਲ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਕਿਸਾਨਾਂ ਨੂੰ ਉਪਦਾਨ ‘ਤੇ ਦਵਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਕੁੱਲ 1,37,625 ਲਾਭਪਾਤਰੀ ਲਾਭ ਪ੍ਰਾਪਤ ਕਰ ਰਹੇ ਹਨ ਜਦਕਿ ਖੇਤੀਬਾੜੀ ਵਿਭਾਗ, ਵੱਲੋਂ ਨਵੇਂ ਲਾਭਪਾਤਰੀਆਂ ਦੀ ਰਜਿਸਟਰੇਸ਼ਨ, ਦਸਤਾਵੇਜ਼ਾਂ ਦੀ ਤਸਦੀਕ ਆਦਿ ਕਾਰਜਾਂ ਵਾਸਤੇ ਹਰ ਕਿਸਮ ਦੀ ਸਹੂਲਤ ਲੋੜਵੰਦਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਮੌਕੇ ਲਗਾਈਆਂ ਗਈਆਂ ਵਿਭਾਗੀ ਪ੍ਰਦਰਸ਼ਨੀਆਂ ਜਿਨ੍ਹਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਕ੍ਰਿਸੀ ਵਿਗਿਆਨ ਕੇਦਰ, ਜੰਗਲਾਤ ਵਿਭਾਗ, ਬਾਗਬਾਨੀ ਵਿਭਾਗ, ਮਿਲਕਫੈਡ, ਮਾਰਕਫੈਡ, ਲੀਡ ਬੈਂਕ ਇਛਕੇ, ਕਭਿਕਰੋ, ਮੱਛੀ ਪਾਲਣ ਅਤੇ ਹੋਰ ਵਿਭਾਗਾਂ ਦੀਆਂ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ ਹਨ। ਇਸ ਤੋਂ ਇਲਾਵਾ ਚੋਣਵੀਆਂ ਪ੍ਰਾਈਵੇਟ ਕੰਪਨੀਆਂ ਦੁਆਰਾ ਵੀ ਖੇਤੀ ਇਨਪੁਟਸ : ਬੀਜ, ਖਾਦ, ਕੀਟਨਾਸ਼ਕ ਦਵਾਈਆਂ, ਸੰਦ ਮਸ਼ੀਨਾਂ ਆਦਿ ਦੇ ਸਟਾਲ ਲਗਾਏ ਗਏ। ਜੰਗਲਾਤ ਵਿਭਾਗ ਵੱਲੋਂ ਵਾਤਾਵਰਣ ਨੂੰ ਸ਼ੁੱਧ ਬਣਾਉਣ ਦਾ ਸੰਦੇਸ਼ ਦਿੰਦੇ ਹੋਏ ਰਵਾਇਤੀ ਛਾਂ-ਦਾਰ ਅਤੇ ਫਲਦਾਰ ਕਿਸਮਾਂ ਦੇ 500 ਬੂਟੇ ਕਿਸਾਨਾਂ ਨੂੰ ਮੁਫਤ ਵੰਡੇ ਗਏ।
ਇਸ ਕੈਂਪ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਸਤਿੰਦਰਪਾਲ ਸਿੰਘ, ਖੇਤੀ ਇੰਜੀਨੀਅਰ, ਅਮਿਤ ਪੁੰਜ, ਵਿਸ਼ਾ ਵਸਤੂ ਮਾਹਿਰ: ਸਾਵਨਦੀਪ ਸ਼ਰਮਾ, ਪ੍ਰੋਜੈਕਟ ਡਾਇਰੈਕਟਰ ‘ਆਤਮਾ’, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਅਤੇ ਹੋਰਨਾਂ ਵੱਲੋਂ ਖੇਤੀ ਸਬੰਧੀ ਕਿਸਾਨਾਂ ਨੂੰ ਭਰਪੂਰ ਤਕਨੀਕੀ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਮਿੱਟੀ ਅਤੇ ਪਾਣੀ ਦੀ ਪਰਖ, ਫਸਲਾਂ ਦੀ ਕਾਸ਼ਤ ਸਬੰਧੀ ਨੁਕਤੇ, ਸੁੱਚਜੇ ਮੰਡੀਕਰਨ, ਰੋਗਾਂ ਦੀ ਰੋਕਥਾਮ ਅਤੇ ਨਾੜ-ਪਰਾਲੀ ਦੀ ਸੁਚੱਜੀ ਸੰਭਾਲ ਦੇ ਵਿਸ਼ੇ ਸ਼ਾਮਲ ਸਨ ।ਅੰਤ ਵਿੱਚ ਮੁੱਖ ਖੇਤੀਬਾੜੀ ਅਫਸਰ, ਫਿਰੋਜ਼ਪੁਰ ਨੇ ਆਏ ਹੋਏ ਮਹਿਮਾਨਾਂ, ਖੇਤੀ ਮਾਹਿਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਵਾਇਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਮੇਸ਼ਾ ਹੀ ਕਿਸਾਨਾਂ ਦੇ ਹਿੱਤ ਵਿੱਚ ਤਨਦੇਹੀ ਨਾਲ ਆਪਣੀਆ ਸੇਵਾਵਾਂ ਜਾਰੀ ਰੱਖੇਗਾ। ਇਸ ਕੈਂਪ ਦੇ ਆਯੋਜਨ ਵਿੱਚ ਸਾਵਨਦੀਪ ਸ਼ਰਮਾ, ਪ੍ਰੋਜੈਕਟ ਡਾਇਰੈਕਟਰ (ਆਤਮਾ) ਨੀਰਜ ਸ਼ਰਮਾ ਗੁਰਸਾਹਿਬ ਸਿੰਘ, ਅਮਿਤ ਪੁੰਜ, ਗੁਰਦੀਪ ਸਿੰਘ, (ਸਾਰੇ ਖੇਤੀਬਾੜੀ ਅਫ਼ਸਰ), ਗੁਰਵੰਤ ਸਿੰਘ,ਰਜਨੀਸ਼ ਕੁਮਾਰ, ਨਵੀਨ ਖੰਨਾ, ਤਰਨਜੀਤ ਸਿੰਘ (ਸਾਰੇ ਖੇਤੀਬਾੜੀ ਵਿਕਾਸ ਅਫਸਰ) ਤੋਂ ਇਲਾਵਾ ਸੁਨੀਲ ਕੁਮਾਰ, ਸੁਪਰਡੈਂਟ, ਸੰਜੀਵ ਕੁਮਰ ਗੁਪਤਾ, ਅਤੇ ਕਰਨਦੀਪ, ਸੀਨੀਅਰ ਸਹਾਇਕ ਅਤੇ ਸਮੂਹ ਸਟਾਫ਼ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ ।



- October 15, 2025