20 ਕਿਲੋ ਤੋਂ ਉਪਰ ਅਫੀਮ ਤੇ 86 ਕਿਲੋ 64 ਗ੍ਰਾਮ ਚੂਰਾ ਪੋਸਤ ਬਰਾਮਦ,ਆਰੋਪੀ ਗਿਰਫ਼ਤਾਰ
- 84 Views
- kakkar.news
- October 11, 2025
- Crime Punjab
20 ਕਿਲੋ ਤੋਂ ਉਪਰ ਅਫੀਮ ਤੇ 86 ਕਿਲੋ 64 ਗ੍ਰਾਮ ਚੂਰਾ ਪੋਸਤ ਬਰਾਮਦ,ਆਰੋਪੀ ਗਿਰਫ਼ਤਾਰ
ਇੱਕ ਕਰੇਟਾ ਕਾਰ, ਇੱਕ ਮੋਟਰਸਾਈਕਲ ਅਤੇ ਪੰਜ ਮੋਬਾਈਲ ਫੋਨ ਵੀ ਕਬਜ਼ੇ ’ਚ; ਐਸ.ਐੱਸ.ਪੀ. ਸਿੱਧੂ ਨੇ ਦਿੱਤੀ ਜਾਣਕਾਰੀ
ਫਿਰੋਜ਼ਪੁਰ, 11 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ 20 ਕਿਲੋ 258 ਗ੍ਰਾਮ ਅਫੀਮ, 86 ਕਿਲੋ 64 ਗ੍ਰਾਮ ਚੂਰਾ ਪੋਸਤ, ਇੱਕ ਕਰੇਟਾ ਕਾਰ, ਇੱਕ ਮੋਟਰਸਾਈਕਲ ਅਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਹਨ।
ਐਸ.ਐੱਸ.ਪੀ. ਫਿਰੋਜ਼ਪੁਰ ਸ. ਭੁਪਿੰਦਰ ਸਿੰਘ ਸਿੱਧੂ (ਪੀ.ਪੀ.ਐਸ.) ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਗਜ਼ਟਿਡ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸ਼ਤੈਦੀ ਨਾਲ ਪੂਰੇ ਇਲਾਕੇ ਵਿੱਚ ਨਸ਼ਾ ਵਿਰੋਧੀ ਅਭਿਆਨ ਚਲਾ ਰਹੀਆਂ ਹਨ।
ਪਹਿਲੇ ਮਾਮਲੇ ਚ ਮਿਲੀ ਜਾਣਕਾਰੀ ਅਨੁਸਾਰ, ਇੰਸਪੈਕਟਰ ਗੁਰਮੀਤ ਸਿੰਘ (ਨੰ. 19/FR), ਮੁੱਖ ਅਫਸਰ ਥਾਣਾ ਸਿਟੀ ਜੀਰਾ, ਆਪਣੀ ਟੀਮ ਸਮੇਤ ਗਸ਼ਤ ਤੇ ਤਲਾਸ਼ੀ ਮੁਹਿੰਮ ’ਤੇ ਨਿਕਲਿਆ ਹੋਇਆ ਸੀ। ਜਦੋਂ ਪੁਲਿਸ ਪਾਰਟੀ ਝਤਰਾ ਚੌਂਕ, ਜੀਰਾ ਨੇੜੇ ਪਹੁੰਚੀ, ਤਾਂ ਖ਼ਾਸ ਮੁਖਬਰ ਵੱਲੋਂ ਜਾਣਕਾਰੀ ਮਿਲੀ ਕਿ ਸੰਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕੁੱਲਾ ਕੱਚਾ ਪੱਕਾ, ਜ਼ਿਲ੍ਹਾ ਤਰਨਤਾਰਨ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਗੁਰਜੰਟ ਸਿੰਘ ਵਾਸੀ ਜੋਹਲ ਨਗਰ, ਜੀਰਾ ਪੋਸਤ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਸ ਸਮੇਂ ਬੱਸ ਰਾਹੀਂ ਚੂਰਾ ਪੋਸਤ ਦੀ ਖੇਪ ਲੈ ਕੇ ਆ ਰਹੇ ਹਨ।
ਇਸ ਇਤਲਾਹ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 51 ਕਿਲੋ 64 ਗ੍ਰਾਮ ਚੂਰਾ ਪੋਸਤ ਬਰਾਮਦ ਕੀਤੀ। ਇਸ ਸਬੰਧੀ ਥਾਣਾ ਸਿਟੀ ਜੀਰਾ ਵਿੱਚ NDPS ਐਕਟ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੂਜੇ ਮਾਮਲੇ ਵਿੱਚ, ਗਸ਼ਤ ਦੌਰਾਨ ਸਹਾਇਕ ਥਾਣਾ ਮੁਖੀ ਮਹੇਸ਼ ਸਿੰਘ ਨੂੰ ਖ਼ਾਸ ਇਤਲਾਹ ਪ੍ਰਾਪਤ ਹੋਈ ਕਿ ਸੁਖਦੇਵ ਸਿੰਘ ਉਰਫ਼ ਮੋਲੀ ਪੁੱਤਰ ਮਹਿੰਦਰ ਸਿੰਘ ਵਾਸੀ ਬਾਬਾ ਤਾਰੇ ਵਾਲਾ ਖੂਹ, ਦਾਖਲੀ ਪੰਜੇ ਕੇ ਉਤਾਰ ਨਸ਼ੀਲਾ ਪਦਾਰਥ ਵੇਚਣ ਦਾ ਆਦੀ ਹੈ ਅਤੇ ਅੱਜ ਵੀ ਆਪਣੇ ਘਰ ਦੇ ਸਾਹਮਣੇ ਬਣੇ ਸਟੋਰ ਵਿੱਚ ਚੂਰਾ ਪੋਸਤ ਰੱਖ ਕੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ।
ਇਤਲਾਹ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਤੁਰੰਤ ਛਾਪਾਮਾਰੀ ਕੀਤੀ ਅਤੇ ਆਰੋਪੀ ਨੂੰ ਕਾਬੂ ਕਰਕੇ ਉਸ ਕੋਲੋਂ 35 ਕਿਲੋ ਚੂਰਾ ਪੋਸਤ ਬਰਾਮਦ ਕੀਤੀ। ਪੁਲਿਸ ਮੁਤਾਬਕ, ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਆਰੋਪੀ ਇਹ ਨਸ਼ੀਲਾ ਪਦਾਰਥ ਕਿੱਥੋਂ ਲਿਆਉਂਦਾ ਸੀ ਅਤੇ ਕਿਹੜੇ ਇਲਾਕਿਆਂ ਵਿੱਚ ਸਪਲਾਈ ਕਰਦਾ ਸੀ।
ਤੀਜੇ ਮਾਮਲੇ ਵਿੱਚ, ਇੰਸਪੈਕਟਰ ਜਸਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ ਜੀਰਾ, ਆਪਣੀ ਟੀਮ ਸਮੇਤ ਬੱਸ ਅੱਡਾ ਸਾਹਵਾਲਾ ਵਿਖੇ ਗਸ਼ਤ ਕਰ ਰਹੇ ਸਨ ਜਦੋਂ ਖ਼ਾਸ ਮੁਖਬਰ ਵੱਲੋਂ ਜਾਣਕਾਰੀ ਮਿਲੀ ਕਿ ਹਰਜਿੰਦਰ ਸਿੰਘ ਉਰਫ਼ ਜਿੰਦਰ ਪੁੱਤਰ ਦਰਸ਼ਨ ਸਿੰਘ ਵਾਸੀ ਬਸਤੀ ਸਾਮੇ ਵਾਲੀ ਦਾਖਲੀ ਜੋਗੋ ਵਾਲਾ ਥਾਣਾ ਮੱਖੂ, ਗੁਰਜਿੰਦਰ ਸਿੰਘ ਉਰਫ਼ ਗੋਰਾ ਪੁੱਤਰ ਲਖਵਿੰਦਰ ਸਿੰਘ ਵਾਸੀ ਬੂਹ ਗੁਰਜਰਾ ਥਾਣਾ ਮੱਖੂ ਅਤੇ ਸੁਰਜੀਤ ਸਿੰਘ ਉਰਫ਼ ਸਿਦਾ ਪੁੱਤਰ ਮੁਖਤਿਆਰ ਸਿੰਘ ਵਾਸੀ ਡਿਬ ਵਾਲਾ ਥਾਣਾ ਮੱਖੂ ਯੂ.ਪੀ ਤੋਂ ਅਫੀਮ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ।
ਮੁਖਬਰ ਨੇ ਦੱਸਿਆ ਕਿ ਉਹ ਆਪਣੀ ਕਰੇਟਾ ਕਾਰ ਨੰਬਰ PB29 AD 0055 ਰਾਹੀਂ ਅੱਜ ਗਾਹਕਾਂ ਨੂੰ ਅਫੀਮ ਦੇਣ ਆ ਰਹੇ ਹਨ। ਪੁਲਿਸ ਨੇ ਤੁਰੰਤ ਨਾਕਾਬੰਦੀ ਕਰਦਿਆਂ ਹਰਜਿੰਦਰ ਸਿੰਘ ਅਤੇ ਗੁਰਜਿੰਦਰ ਸਿੰਘ ਨੂੰ ਬੱਸ ਅੱਡਾ ਸਾਹਵਾਲਾ ਨੇੜੇ ਕਾਬੂ ਕੀਤਾ। ਕਾਰ ਦੀ ਤਲਾਸ਼ੀ ਦੌਰਾਨ ਬੋਨਟ ਅਤੇ ਪਿਛਲੇ ਟਾਇਰਾਂ ਦੇ ਉੱਪਰ ਬਣੇ ਪਲਾਸਟਿਕ ਦੇ ਥੱਲੇ ਲੁਕਾਈ ਹੋਈ ਅਫੀਮ ਮਿਲੀ, ਜਿਸਦਾ ਵਜ਼ਨ ਕਰਨ ’ਤੇ 20 ਕਿਲੋ 258 ਗ੍ਰਾਮ ਨਿਕਲਿਆ। ਪੁਲਿਸ ਨੇ ਕਰੇਟਾ ਕਾਰ ਅਤੇ ਦੋ ਮੋਬਾਈਲ ਫੋਨ ਵੀ ਕਬਜ਼ੇ ਵਿੱਚ ਲਏ।
ਐਸ.ਐੱਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੇ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਆਰੋਪੀ ਇਹ ਨਸ਼ੀਲੇ ਪਦਾਰਥ ਕਿੱਥੋਂ ਲਿਆਉਂਦੇ ਸਨ ਅਤੇ ਕਿਹੜੇ ਇਲਾਕਿਆਂ ਵਿਚ ਸਪਲਾਈ ਕਰਦੇ ਸਨ। ਇਸ ਮਾਮਲੇ ’ਚ ਵੀ NDPS ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕੀਤੀ ਗਈ ਹੈ।



- October 15, 2025