ਕਦ ਰੁਕੇਗੀ ਜੇਲ੍ਹ ‘ਚ ਮੋਬਾਈਲਾਂ ਦੀ ‘ਟ੍ਰਿੰਗ-ਟ੍ਰਿੰਗ’,
- 64 Views
- kakkar.news
- January 10, 2026
- Crime Punjab
ਕਦ ਰੁਕੇਗੀ ਜੇਲ੍ਹ ‘ਚ ਮੋਬਾਈਲਾਂ ਦੀ ‘ਟ੍ਰਿੰਗ-ਟ੍ਰਿੰਗ’,
ਫਿਰੋਜ਼ਪੁਰ, 10 ਜਨਵਰੀ 2026 (ਅਨੁਜ ਕੱਕੜ ਟੀਨੂੰ)
ਕੇਂਦਰੀ ਜੇਲ ਫਿਰੋਜ਼ਪੁਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ ਕੀਤੀਆਂ ਗਈਆਂ ਲਗਾਤਾਰ ਤਲਾਸ਼ੀਆਂ ਦੌਰਾਨ ਵੱਖ-ਵੱਖ ਮਿਤੀਆਂ ’ਤੇ ਕਈ ਹਵਾਲਾਤੀਆਂ ਅਤੇ ਕੈਦੀਆਂ ਕੋਲੋਂ ਗੈਰਕਾਨੂੰਨੀ ਤੌਰ ’ਤੇ ਰੱਖੇ ਮੋਬਾਇਲ ਫੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ 30 ਦਸੰਬਰ 2025 ਨੂੰ ਤਲਾਸ਼ੀ ਦੌਰਾਨ ਕੈਦੀ ਸੁਖਵਿੰਦਰ ਸਿੰਘ ਅਤੇ 1 ਜਨਵਰੀ 2026 ਨੂੰ ਹਵਾਲਾਤੀ ਕਾਜਦੀਪ ਸਿੰਘ ਉਰਫ ਮੋਟਾ ਕੋਲੋਂ ਟੱਚ ਸਕਰੀਨ ਮੋਬਾਇਲ ਫੋਨ ਸਮੇਤ ਸਿਮ ਬਰਾਮਦ ਕੀਤੇ ਗਏ। ਇਸ ਤੋਂ ਬਾਅਦ 3/4 ਜਨਵਰੀ 2026 ਦੀ ਰਾਤ ਨੂੰ ਹੋਈ ਤਲਾਸ਼ੀ ਵਿੱਚ ਹਵਾਲਾਤੀ ਮੋਹਿਤ ਉਰਫ ਕਾਕਾ, ਬੌਬੀ ਉਰਫ ਗੁੱਲੀ, ਗੁਰਜੀਤ ਸਿੰਘ ਅਤੇ ਸੁਖਦੇਵ ਸਿੰਘ ਕੋਲੋਂ ਵੀ ਵੱਖ-ਵੱਖ ਕਿਸਮ ਦੇ ਟੱਚ ਸਕਰੀਨ ਅਤੇ ਕੀ-ਪੈਡ ਮੋਬਾਇਲ ਫੋਨ ਬਰਾਮਦ ਹੋਏ।
4 ਜਨਵਰੀ 2026 ਨੂੰ ਹਵਾਲਾਤੀ ਵਿਸ਼ਾਲ ਕੋਲੋਂ ਇੱਕ ਕੀ-ਪੈਡ ਮੋਬਾਇਲ ਫੋਨ ਮਿਲਿਆ, ਜਦਕਿ 6 ਜਨਵਰੀ ਨੂੰ ਹਰਪ੍ਰੀਤ ਸਿੰਘ ਕੋਲੋਂ ਦੋ ਕੀ-ਪੈਡ ਮੋਬਾਇਲ ਫੋਨ ਬਰਾਮਦ ਕੀਤੇ ਗਏ। 7 ਜਨਵਰੀ 2026 ਨੂੰ ਕਮਲ ਕੁਮਾਰ, ਅਕਾਸਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲੱਡੂ ਕੋਲੋਂ ਵੀ ਮੋਬਾਇਲ ਫੋਨ ਮਿਲਣ ਦੀ ਪੁਸ਼ਟੀ ਹੋਈ।
ਇਸੇ ਤਰ੍ਹਾਂ 8 ਜਨਵਰੀ 2026 ਨੂੰ ਹੋਈ ਤਲਾਸ਼ੀ ਦੌਰਾਨ ਸਿਮਰਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਲਵ ਭੱਟੀ, ਜਸਵਿੰਦਰ ਸਿੰਘ ਅਤੇ ਸਾਹਿਲ ਉਰਫ ਕਾਲਾ ਕੋਲੋਂ ਟੱਚ ਸਕਰੀਨ ਅਤੇ ਕੀ-ਪੈਡ ਮੋਬਾਇਲ ਫੋਨ ਬਰਾਮਦ ਕੀਤੇ ਗਏ।
ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਗੈਰਕਾਨੂੰਨੀ ਵਰਤੋਂ ਦਾ ਮਸਲਾ ਹੈਰਾਨੀਜਨਕ ਅੰਕੜਿਆਂ ਰਾਹੀਂ ਵੀ ਸਾਹਮਣੇ ਆਉਂਦਾ ਹੈ। ਅਧਿਐਨ ਮੁਤਾਬਕ ਪਿਛਲੇ ਸਾਲਾਂ ਦੌਰਾਨ ਮੋਬਾਈਲ ਫੋਨਾਂ ਦੀ ਬਰਾਮਦਗੀ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। ਸਾਲ 2019 ਵਿੱਚ 70 ਮੋਬਾਈਲ ਫੋਨ ਬਰਾਮਦ ਹੋਏ, 2020 ਵਿੱਚ 130, 2021 ਵਿੱਚ 265, 2022 ਵਿੱਚ 437, 2023 ਵਿੱਚ 469 ਅਤੇ 2024 ਵਿੱਚ ਲਗਭਗ 500 ਮੋਬਾਈਲ ਫੋਨ ਬਰਾਮਦ ਕੀਤੇ ਗਏ। ਜਦਕਿ ਬੀਤੇ 2025 ਸਾਲ ਦੌਰਾਨ ਹੁਣ ਤੱਕ ਕਰੀਬ 649 ਤੋਂ ਵੱਧ ਮੋਬਾਈਲ ਫੋਨ ਬਰਾਮਦ ਹੋ ਚੁੱਕੇ ਹਨ। ਪਰ ਹੁਣ, ਸਾਲ 2026 ਦੇ ਅਜੇ ਦੋ ਹਫ਼ਤੇ ਵੀ ਪੂਰੇ ਨਹੀਂ ਹੋਏ ਕਿ 17 ਮੋਬਾਈਲ ਮਿਲਣਾ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲੀਆ ਚਿੰਨ੍ਹ ਲਗਾ ਰਿਹਾ ਹੈ।”
ਇਨ੍ਹਾਂ ਸਾਰੇ ਮਾਮਲਿਆਂ ਸਬੰਧੀ ਕੇਂਦਰੀ ਜੇਲ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਵੱਲੋਂ ਸਿਟੀ ਥਾਣਾ ਫਿਰੋਜ਼ਪੁਰ ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਦਰਜ਼ ਕਰ ਲਿੱਤਾ ਗਿਆ ਹੈ । ਜੇਲ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਜੇਲ ਅੰਦਰ ਗੈਰਕਾਨੂੰਨੀ ਸਮਾਨ ’ਤੇ ਸਖ਼ਤ ਨਿਗਰਾਨੀ ਜਾਰੀ ਰਹੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
