ਆਈ.ਟੀ.ਆਈ. ਫਿਰੋਜ਼ਪੁਰ ਵਿਖੇ ਅਪ੍ਰੈਂਟਿਸਸ਼ਿਪ ਮੇਲੇ ਦਾ ਸ਼ਾਨਦਾਰ ਆਯੋਜਨ
- 13 Views
- kakkar.news
- May 12, 2026
- Punjab
ਆਈ.ਟੀ.ਆਈ. ਫਿਰੋਜ਼ਪੁਰ ਵਿਖੇ ਅਪ੍ਰੈਂਟਿਸਸ਼ਿਪ ਮੇਲੇ ਦਾ ਸ਼ਾਨਦਾਰ ਆਯੋਜਨ
ਫ਼ਿਰੋਜ਼ਪੁਰ, 12 ਮਈ 2026 (ਅਨੁਜ ਕੱਕੜ ਟੀਨੂੰ)
ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਵਿਖੇ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਉਦਯੋਗਿਕ ਖੇਤਰ ਨਾਲ ਜੋੜਨ ਦੇ ਉਦੇਸ਼ ਨਾਲ ਸੰਸਥਾ ਦੇ ਪ੍ਰਿੰਸੀਪਲ-ਕਮ-ਡਿਪਟੀ ਡਾਇਰੈਕਟਰ ਸ਼੍ਰੀ ਹਰਦੀਪ ਕੁਮਾਰ ਦੀ ਯੋਗ ਅਗਵਾਈ ਹੇਠ ਵਿਸ਼ੇਸ਼ ਅਪ੍ਰੈਂਟਿਸਸ਼ਿਪ ਮੇਲੇ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ। ਮੇਲੇ ਦੌਰਾਨ ਸਿਖਿਆਰਥੀਆਂ ਨੂੰ ਵੱਖ-ਵੱਖ ਉਦਯੋਗਾਂ ਨਾਲ ਸਿੱਧਾ ਸੰਪਰਕ ਬਣਾਉਣ ਅਤੇ ਆਪਣੀ ਯੋਗਤਾ ਅਨੁਸਾਰ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਦਾ ਸੁਨਿਹਰਾ ਮੌਕਾ ਮਿਲਿਆ।
ਇਸ ਅਪ੍ਰੈਂਟਿਸਸ਼ਿਪ ਮੇਲੇ ਵਿੱਚ ਕੁੱਲ 63 ਸਿਖਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 24 ਸਿਖਿਆਰਥੀਆਂ ਨੂੰ ਵੱਖ-ਵੱਖ ਪ੍ਰਸਿੱਧ ਉਦਯੋਗਾਂ ਵੱਲੋਂ ਸ਼ਾਰਟਲਿਸਟ ਕੀਤਾ ਗਿਆ। ਇਹ ਚੋਣ ਵਿਦਿਆਰਥੀਆਂ ਦੀ ਤਕਨੀਕੀ ਯੋਗਤਾ, ਵਿਵਹਾਰਕ ਗਿਆਨ ਅਤੇ ਇੰਟਰਵਿਊ ਦੌਰਾਨ ਕੀਤੇ ਗਏ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤੀ ਗਈ। ਸੰਸਥਾ ਲਈ ਇਹ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ, ਕਿਉਂਕਿ ਇਸ ਤਰ੍ਹਾਂ ਦੇ ਉਪਰਾਲੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਦੇ ਹਨ। ਮੇਲੇ ਵਿੱਚ ਇਲਾਕੇ ਦੀਆਂ ਕਈ ਨਾਮਵਰ ਇੰਡਸਟਰੀਆਂ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ ਵਿੱਚ ਬਾਬਾ ਮੋਟਰਜ਼, ਗੱਜਣ ਇੰਜਨੀਅਰਿੰਗ ਵਰਕਸ, ਮਠਾੜੂ ਇੰਜਨੀਅਰਿੰਗ ਵਰਕਸ, ਐਮ.ਐਸ. ਨਿਊ ਏਰਾ ਇੰਡਸਟਰੀ ਅਤੇ ਬੀ.ਆਰ. ਧੰਜੂ ਇੰਜਨੀਅਰਿੰਗ ਵਰਕਸ ਸ਼ਾਮਲ ਸਨ। ਇਨ੍ਹਾਂ ਉਦਯੋਗਾਂ ਦੇ ਨੁਮਾਇੰਦਿਆਂ ਨੇ ਸਿਖਿਆਰਥੀਆਂ ਦੇ ਮੌਕੇ ‘ਤੇ ਇੰਟਰਵਿਊ ਲਏ ਅਤੇ ਉਨ੍ਹਾਂ ਦੀ ਤਕਨੀਕੀ ਸਮਰੱਥਾ ਦਾ ਮੁਲਾਂਕਣ ਕੀਤਾ। ਉਦਯੋਗਾਂ ਦੇ ਪ੍ਰਤਿਨਿਧੀਆਂ ਨੇ ਵਿਦਿਆਰਥੀਆਂ ਦੀ ਪ੍ਰਦਰਸ਼ਨਸ਼ੀਲਤਾ ਅਤੇ ਹੁਨਰ ਦੀ ਭਰਪੂਰ ਪ੍ਰਸ਼ੰਸਾ ਵੀ ਕੀਤੀ।
ਸ਼੍ਰੀ ਹਰਦੀਪ ਕੁਮਾਰ ਨੇ ਕਿਹਾ ਕਿ ਅਪ੍ਰੈਂਟਿਸਸ਼ਿਪ ਮੇਲੇ ਵਿਦਿਆਰਥੀਆਂ ਨੂੰ ਉਦਯੋਗਿਕ ਦੁਨੀਆ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਨੌਜਵਾਨਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਮਿਲਦੀ ਹੈ। ਉਨ੍ਹਾਂ ਨੇ ਸ਼ਾਰਟਲਿਸਟ ਹੋਏ ਸਿਖਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਵਿਦਿਆਰਥੀਆਂ ਨੂੰ ਵੀ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਟ੍ਰੇਨਿੰਗ ਅਫਸਰ ਸ਼੍ਰੀ ਰਾਜੇਸ਼ ਕੁਮਾਰ ਨੇ ਵੀ ਸਿਖਿਆਰਥੀਆਂ ਨੂੰ ਅਪ੍ਰੈਂਟਿਸਸ਼ਿਪ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅਪਰੈਂਡਸ਼ਿਪ ਰਾਹੀਂ ਵਿਦਿਆਰਥੀਆਂ ਨੂੰ ਉਦਯੋਗਾਂ ਵਿੱਚ ਪ੍ਰੈਕਟੀਕਲ ਤਜਰਬਾ ਮਿਲਦਾ ਹੈ, ਜਿਸ ਨਾਲ ਉਹ ਭਵਿੱਖ ਵਿੱਚ ਵਧੀਆ ਰੋਜ਼ਗਾਰ ਪ੍ਰਾਪਤ ਕਰਨ ਦੇ ਯੋਗ ਬਣਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਅਤੇ ਤਕਨੀਕੀ ਸਿੱਖਿਆ ਦਾ ਪੂਰਾ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਅੰਤ ਵਿੱਚ ਸੰਸਥਾ ਵੱਲੋਂ ਮੇਲੇ ਵਿੱਚ ਭਾਗ ਲੈਣ ਵਾਲੀਆਂ ਉਦਯੋਗਿਕ ਇਕਾਈਆਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਹ ਮੇਲਾ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਰਵਾਜ਼ੇ ਖੋਲ੍ਹਣ ਵਾਲਾ ਸਾਬਤ ਹੋਇਆ।
