ਯਾਰ ਨੇ ਕੀਤੀ ਯਾਰ ਮਾਰ : ਪ੍ਰੋਪਰਟੀ ਡੀਲਰ ਦੇ ਪਾਰਟਨਰ ਨੇ ਹੀ ਰਚੀ ਕਤਲ ਦੀ ਸਾਜ਼ਿਸ਼
- 42 Views
- kakkar.news
- May 12, 2026
- Crime Punjab
ਯਾਰ ਨੇ ਕੀਤੀ ਯਾਰ ਮਾਰ : ਪ੍ਰੋਪਰਟੀ ਡੀਲਰ ਦੇ ਪਾਰਟਨਰ ਨੇ ਹੀ ਰਚੀ ਕਤਲ ਦੀ ਸਾਜ਼ਿਸ਼
ਫਿਰੋਜ਼ਪੁਰ 12 ਮਈ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪ੍ਰੋਪਰਟੀ ਡੀਲਰ ਦੇ ਆਪਣੇ ਹੀ ਪਾਰਟਨਰ ਵੱਲੋਂ ਉਸਦੇ ਕਤਲ ਦੀ ਸਾਜ਼ਿਸ਼ ਰਚੀ ਗਈ। ਹਾਲਾਂਕਿ ਜਾਨਲੇਵਾ ਹਮਲੇ ਵਿੱਚ ਪ੍ਰੋਪਰਟੀ ਡੀਲਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਪਰ ਉਸਦੀ ਜਾਨ ਬਚ ਗਈ।
ਫਿਰੋਜ਼ਪੁਰ ਪੁਲਿਸ ਨੇ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਪੰਜ ਆਰੋਪੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਆਰੋਪੀਆਂ ਕੋਲੋਂ ਦੋ ਕਾਪੇ, ਇੱਕ ਕਿਰਚ, ਇੱਕ ਗਰਾਈਂਡਰ, ਦੋ ਮੋਟਰਸਾਈਕਲ ਅਤੇ ਹੋਰ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ।
ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਪਰਟੀ ਡੀਲਰ ਰਣਜੀਤ ਸਿੰਘ ‘ਤੇ ਕੁਝ ਦਿਨ ਪਹਿਲਾਂ ਉਸਦੇ ਦਫ਼ਤਰ ਵਿੱਚ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਸੀ। ਹਮਲੇ ਦੌਰਾਨ ਰਣਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਉਸਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਟੈਕਨੀਕਲ ਤਰੀਕੇ ਨਾਲ ਜਾਂਚ ਸ਼ੁਰੂ ਕੀਤੀ, ਜਿਸ ਦੌਰਾਨ ਵੱਡੇ ਖੁਲਾਸੇ ਸਾਹਮਣੇ ਆਏ।
ਪੁਲਿਸ ਜਾਂਚ ਵਿੱਚ ਪਤਾ ਲੱਗਿਆ ਕਿ ਰਣਜੀਤ ਸਿੰਘ ਅਤੇ ਉਸਦੇ ਪਾਰਟਨਰ ਨੇ ਮਿਲ ਕੇ ਕਰੀਬ ਤਿੰਨ ਤੋਂ ਚਾਰ ਕਰੋੜ ਰੁਪਏ ਦੀ ਜ਼ਮੀਨ ਖਰੀਦੀ ਹੋਈ ਸੀ ਅਤੇ ਉਸਦੀ ਕਟਾਈ ਕਰਕੇ ਪਲਾਟ ਵੇਚਦੇ ਸਨ। ਜ਼ਮੀਨ ਅਤੇ ਪੈਸੇ ਦੇ ਲਾਲਚ ਵਿੱਚ ਆ ਕੇ ਰਣਜੀਤ ਸਿੰਘ ਦੇ ਪਾਰਟਨਰ ਨੇ ਆਪਣੇ ਸਾਥੀਆਂ ਅਤੇ ਕਾਂਟਰੈਕਟ ਕਿਲਰਾਂ ਨਾਲ ਮਿਲ ਕੇ ਉਸਦੇ ਕਤਲ ਦੀ ਸਾਜ਼ਿਸ਼ ਰਚੀ।
ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕਾਂਟਰੈਕਟ ਕਿਲਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦਾ ਲਾਲਚ ਦਿੱਤਾ ਗਿਆ ਸੀ ਅਤੇ ਹੁਣ ਤੱਕ ਉਹਨਾਂ ਨੂੰ 15 ਹਜ਼ਾਰ ਰੁਪਏ ਨਕਦ ਵੀ ਦਿੱਤੇ ਜਾ ਚੁੱਕੇ ਸਨ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਰਣਜੀਤ ਸਿੰਘ ਨੂੰ ਮਾਰਨ ਤੋਂ ਬਾਅਦ ਉਸਦੇ ਇੱਕ ਹੋਰ ਸਾਥੀ ਆਕਾਸ਼ ਨੂੰ ਵੀ ਕਤਲ ਕਰਨ ਦੀ ਯੋਜਨਾ ਬਣਾਈ ਗਈ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ ਪੰਜ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇੱਕ ਦੀ ਤਲਾਸ਼ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
