ਫਿਰੋਜ਼ਪੁਰ ਵਿੱਚ CM ਭਗਵੰਤ ਮਾਨ ਦੇ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਵੱਲੋਂ ਕਵਰੇਜ ਦਾ ਬਾਈਕਾਟ
- kakkar.news
- August 15, 2026
- Punjab
ਫਿਰੋਜ਼ਪੁਰ ਵਿੱਚ CM ਭਗਵੰਤ ਮਾਨ ਦੇ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਵੱਲੋਂ ਕਵਰੇਜ ਦਾ ਬਾਈਕਾਟ
ਫਿਰੋਜ਼ਪੁਰ 15 ਅਗਸਤ 2026 (ਅਨੁਜ ਕੱਕੜ ਟੀਨੂੰ)
ਆਜ਼ਾਦੀ ਦਿਹਾੜੇ ਮੌਕੇ ਫਿਰੋਜ਼ਪੁਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿਰੰਗਾ ਲਹਿਰਾਉਣ ਸਮਾਗਮ ਦੌਰਾਨ ਪੱਤਰਕਾਰ ਭਾਈਚਾਰੇ ਅਤੇ ਪ੍ਰਸ਼ਾਸਨ ਵਿਚਕਾਰ ਵਿਵਾਦ ਦੀ ਸਥਿਤੀ ਬਣ ਗਈ। ਪੱਤਰਕਾਰਾਂ ਨੇ ਦੋਸ਼ ਲਗਾਇਆ ਕਿ ਸਮਾਗਮ ਦੀ ਕਵਰੇਜ ਲਈ ਪਹੁੰਚੇ ਮੀਡੀਆ ਕਰਮਚਾਰੀਆਂ ਨਾਲ ਕਥਿਤ ਤੌਰ ’ਤੇ ਮਾੜਾ ਸਲੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ।
ਪੱਤਰਕਾਰਾਂ ਦਾ ਦੋਸ਼ ਹੈ ਕਿ ਫਿਰੋਜ਼ਪੁਰ ਦੇ ਮੀਡੀਆ ਨੂੰ ਪਹਿਲਾਂ ਇੱਕ ਥਾਂ ’ਤੇ ਇਕੱਠਾ ਕੀਤਾ ਗਿਆ ਅਤੇ ਸਰਕਾਰੀ ਬੱਸ ਰਾਹੀਂ ਸਮਾਗਮ ਵਾਲੀ ਥਾਂ ’ਤੇ ਲਿਜਾਇਆ ਗਿਆ। ਮੌਕੇ ’ਤੇ ਪਹੁੰਚਣ ਤੋਂ ਬਾਅਦ ਚਾਰੇ ਪਾਸੇ ਪੁਲਿਸ ਦਾ ਘੇਰਾ ਲਗਾ ਕੇ ਮੀਡੀਆ ਕਰਮਚਾਰੀਆਂ ਨੂੰ ਇੱਕ ਨਿਰਧਾਰਿਤ ਥਾਂ ’ਤੇ ਬਿਠਾ ਦਿੱਤਾ ਗਿਆ।
ਪੱਤਰਕਾਰਾਂ ਮੁਤਾਬਕ ਉਨ੍ਹਾਂ ਨੂੰ ਮੌਕੇ ਤੋਂ ਆਪਣੀ ਮਰਜ਼ੀ ਅਨੁਸਾਰ ਵੀਡੀਓ ਸ਼ੂਟ ਕਰਨ ਅਤੇ ਕਵਰੇਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮੀਡੀਆ ਕਰਮਚਾਰੀਆਂ ਦਾ ਕਹਿਣਾ ਹੈ ਕਿ ਪੱਤਰਕਾਰਾਂ ਨੂੰ ਇਸ ਤਰ੍ਹਾਂ ਇੱਕ ਨਿਰਧਾਰਿਤ ਜਗ੍ਹਾ ਤੱਕ ਸੀਮਤ ਕਰਨਾ ਅਤੇ ਕਵਰੇਜ ’ਤੇ ਪਾਬੰਦੀਆਂ ਲਗਾਉਣਾ ਮੀਡੀਆ ਦੀ ਆਜ਼ਾਦੀ ਨਾਲ ਜੁੜਿਆ ਗੰਭੀਰ ਸਵਾਲ ਹੈ।
ਇਸ ਤੋਂ ਨਾਰਾਜ਼ ਫਿਰੋਜ਼ਪੁਰ ਦੇ ਪੱਤਰਕਾਰਾਂ ਨੇ ਮੁੱਖ ਮੰਤਰੀ ਦੇ ਪ੍ਰੋਗਰਾਮ ਦੀ ਕਵਰੇਜ ਨਾ ਕਰਨ ਦਾ ਫੈਸਲਾ ਲਿਆ ਅਤੇ ਮੌਕੇ ਤੋਂ ਵਾਪਸ ਚਲੇ ਗਏ। ਪੱਤਰਕਾਰਾਂ ਨੇ ਇਸਨੂੰ ਮੀਡੀਆ ਦੀ ਆਜ਼ਾਦੀ ਅਤੇ ਪੱਤਰਕਾਰਤਾ ਦੀ ਇੱਜ਼ਤ ਲਈ ਆਪਣਾ ਵਿਰੋਧ ਕਰਾਰ ਦਿੱਤਾ।
ਮੌਕੇ ’ਤੇ ਪੱਤਰਕਾਰਾਂ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਦਿਨ ਹੀ ਜੇਕਰ ਮੀਡੀਆ ਨੂੰ ਆਪਣੀ ਆਵਾਜ਼ ਉਠਾਉਣ ਅਤੇ ਆਜ਼ਾਦ ਤਰੀਕੇ ਨਾਲ ਆਪਣਾ ਕੰਮ ਕਰਨ ਤੋਂ ਰੋਕਿਆ ਜਾਵੇ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਮਤਭੇਦ ਰਹੇ ਹਨ, ਪਰ ਪੱਤਰਕਾਰਾਂ ਮੁਤਾਬਕ ਅਜਿਹਾ ਵਿਹਾਰ ਪਹਿਲਾਂ ਕਦੇ ਨਹੀਂ ਦੇਖਿਆ ਗਿਆ।
ਪੱਤਰਕਾਰਾਂ ਨੇ ਕਿਹਾ ਕਿ ਉਹ ਕਿਸੇ ਸਰਕਾਰ ਦੇ ਵਿਰੋਧੀ ਨਹੀਂ ਹਨ, ਪਰ ਮੀਡੀਆ ਨੂੰ ਆਪਣਾ ਕੰਮ ਆਜ਼ਾਦੀ ਨਾਲ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸਨੂੰ ਚਾਹੇ ਬਾਈਕਾਟ ਕਿਹਾ ਜਾਵੇ ਜਾਂ ਪੱਤਰਕਾਰ ਭਾਈਚਾਰੇ ਦਾ ਵਿਰੋਧ, ਉਹ ਆਪਣੀ ਪੱਤਰਕਾਰਤਾ ਦੀ ਇੱਜ਼ਤ ਅਤੇ ਮੀਡੀਆ ਦੀ ਆਜ਼ਾਦੀ ਨਾਲ ਸਮਝੌਤਾ ਨਹੀਂ ਕਰਨਗੇ।
ਇਸ ਦੌਰਾਨ ਪੱਤਰਕਾਰਾਂ ਨੇ ਮੁੱਖ ਮੰਤਰੀ ਦੇ ਸਮਾਗਮ ਦੀ ਕਵਰੇਜ ਕਰਨ ਤੋਂ ਇਨਕਾਰ ਕਰਦਿਆਂ ਮੌਕੇ ਤੋਂ ਵਾਪਸੀ ਕੀਤੀ ਅਤੇ ਕਿਹਾ ਕਿ ਉਹ ਮੀਡੀਆ ਦੀ ਆਜ਼ਾਦੀ ਦੇ ਮੁੱਦੇ ’ਤੇ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ।

- August 14, 2026