ਫਿਰੋਜ਼ਪੁਰ ਦਾ ਸੀਵਰੇਜ ਸਿਸਟਮ ਹੋਵੇਗਾ ਅਪਗ੍ਰੇਡ, 20 ਐਮਐਲਡੀ ਸਮਰੱਥਾ ਵਧੇਗੀ
- kakkar.news
- August 14, 2026
- Punjab
ਸੀਵਰੇਜ ਸਮੱਸਿਆ ਤੋਂ ਰਾਹਤ ਦੀ ਉਮੀਦ, 39.80 ਕਰੋੜ ਰੁਪਏ ਨਾਲ ਵਧੇਗੀ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ,
ਫਿਰੋਜ਼ਪੁਰ 14 ਅਗਸਤ 2026 (ਅਨੁਜ ਕੱਕੜ ਟੀਨੂੰ )
ਸ਼ਹਿਰ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਸੀਵਰੇਜ ਜਾਮ ਅਤੇ ਓਵਰਫਲੋ ਦੀ ਸਮੱਸਿਆ ਦੇ ਹੱਲ ਵੱਲ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ ਵਧਾਉਣ ਲਈ 39.80 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਇਸ ਪ੍ਰੋਜੈਕਟ ਤਹਿਤ ਮੌਜੂਦਾ ਪਲਾਂਟ ਦੀ ਸਮਰੱਥਾ ਵਿੱਚ 20 ਐਮਐਲਡੀ ਦਾ ਵਾਧਾ ਕੀਤਾ ਜਾਵੇਗਾ।
ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇਸ ਸਮੇਂ ਫਿਰੋਜ਼ਪੁਰ ਸ਼ਹਿਰ ਵਿੱਚ 18 ਐਮਐਲਡੀ ਸਮਰੱਥਾ ਵਾਲਾ ਸੀਵਰੇਜ ਟ੍ਰੀਟਮੈਂਟ ਪਲਾਂਟ ਚੱਲ ਰਿਹਾ ਹੈ। ਸ਼ਹਿਰ ਦੀ ਵਧਦੀ ਆਬਾਦੀ ਅਤੇ ਸੀਵਰੇਜ ਦੇ ਵਧ ਰਹੇ ਦਬਾਅ ਨੂੰ ਦੇਖਦੇ ਹੋਏ ਮੌਜੂਦਾ ਸਮਰੱਥਾ ਘੱਟ ਪੈ ਰਹੀ ਸੀ। ਹੁਣ 20 ਐਮਐਲਡੀ ਦੀ ਵਾਧੂ ਸਮਰੱਥਾ ਵਿਕਸਤ ਹੋਣ ਤੋਂ ਬਾਅਦ ਪਲਾਂਟ ਦੀ ਕੁੱਲ ਸਮਰੱਥਾ 38 ਐਮਐਲਡੀ ਹੋ ਜਾਵੇਗੀ।
ਪਿੰਕੀ ਨੇ ਕਿਹਾ ਕਿ ਸੀਵਰੇਜ ਓਵਰਫਲੋ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਲੰਬੇ ਸਮੇਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਈ ਥਾਵਾਂ ’ਤੇ ਗੰਦਾ ਪਾਣੀ ਗਲੀਆਂ ਅਤੇ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਸੀ, ਜਿਸ ਕਾਰਨ ਲੋਕਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਗੰਦਗੀ ਅਤੇ ਬਦਬੂ ਦੀ ਸਮੱਸਿਆ ਵੀ ਝੱਲਣੀ ਪੈਂਦੀ ਸੀ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਸੀਵਰੇਜ ਪ੍ਰਬੰਧ ਨੂੰ ਮਜ਼ਬੂਤ ਕਰਨ ਨੂੰ ਤਰਜੀਹ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਲਗਭਗ ਅੱਠ ਮਹੀਨੇ ਦਾ ਸਮਾਂ ਲੱਗਣ ਦੀ ਉਮੀਦ ਹੈ। ਪਲਾਂਟ ਦੀ ਸਮਰੱਥਾ ਵਧਣ ਤੋਂ ਬਾਅਦ ਸੀਵਰੇਜ ਦੇ ਪਾਣੀ ਦੀ ਨਿਕਾਸੀ ਅਤੇ ਟ੍ਰੀਟਮੈਂਟ ਪ੍ਰਬੰਧ ਵਿੱਚ ਸੁਧਾਰ ਹੋਵੇਗਾ ਅਤੇ ਓਵਰਫਲੋ ਦੀ ਸਮੱਸਿਆ ’ਤੇ ਵੀ ਕਾਫ਼ੀ ਹੱਦ ਤੱਕ ਕਾਬੂ ਪਾਉਣ ਵਿੱਚ ਮਦਦ ਮਿਲੇਗੀ।
ਨਗਰ ਕੌਂਸਲ ਪ੍ਰਧਾਨ ਅਸ਼ੋਕ ਸਚਦੇਵਾ, ਸੀਨੀਅਰ ਵਾਈਸ ਪ੍ਰਧਾਨ ਬੋਰਡ ਸਿੰਘ, ਕਾਂਗਰਸ ਆਗੂ ਯਾਕੂਬ ਭੱਟੀ ਅਤੇ ਕੌਂਸਲਰ ਰਿਸ਼ੀ ਸ਼ਰਮਾ, ਜੁਗਰਾਜ ਸਿੰਘ, ਅਮਰਜੀਤ ਸਿੰਘ ਅਤੇ ਸੋਨੂੰ ਨਾਰੰਗ ਨੇ ਇਸ ਪਹਿਲ ਲਈ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ ਵਧਣ ਨਾਲ ਸ਼ਹਿਰ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਪਿੰਕੀ ਨੇ ਕਿਹਾ ਕਿ ਕਾਂਗਰਸ ਦੀ ਨਗਰ ਕਮੇਟੀ ਦੇ ਮੁੜ ਗਠਨ ਤੋਂ ਬਾਅਦ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ।

- August 14, 2026