ਫਾਜ਼ਿਲਕਾ ਤੋਂ ਫਿਰੋਜ਼ਪੁਰ ਆ ਰਹੀ ਮਿਲਾਵਟੀ ਮਿਠਿਆਈ ਦੀ ਗੱਡੀ ਰਸਤੇ ’ਚ ਰੋਕੀ
- kakkar.news
- August 17, 2026
- Crime Punjab
ਫਾਜ਼ਿਲਕਾ ਤੋਂ ਫਿਰੋਜ਼ਪੁਰ ਆ ਰਹੀ ਮਿਲਾਵਟੀ ਮਿਠਿਆਈ ਦੀ ਗੱਡੀ ਰਸਤੇ ’ਚ ਰੋਕੀ
ਫਿਰੋਜ਼ਪੁਰ, 17 ਅਗਸਤ 2026 (ਅਨੁਜ ਕੱਕੜ ਟੀਨੂੰ )
ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਫੂਡ ਸੇਫਟੀ ਵਿਭਾਗ ਵੱਲੋਂ ਮਿਲਾਵਟੀ ਅਤੇ ਗੈਰ-ਮਿਆਰੀ ਖਾਣ-ਪੀਣ ਦੀਆਂ ਵਸਤਾਂ ਖ਼ਿਲਾਫ਼ ਚੈਕਿੰਗ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਫੂਡ ਇੰਸਪੈਕਟਰ ਅਭਿਨਵ ਦੀ ਟੀਮ ਵੱਲੋਂ ਫਿਰੋਜ਼ਪੁਰ-ਮੋਗਾ ਰੋਡ ’ਤੇ ਚੈਕਿੰਗ ਦੌਰਾਨ ਹਰਿਆਣਾ ਨੰਬਰ ਦੀ ਇੱਕ ਗੱਡੀ ਨੂੰ ਰੋਕ ਕੇ ਜਾਂਚ ਕੀਤੀ ਗਈ।
ਜਾਣਕਾਰੀ ਮੁਤਾਬਕ ਇਹ ਗੱਡੀ ਫਾਜ਼ਿਲਕਾ ਤੋਂ ਫਿਰੋਜ਼ਪੁਰ ਵੱਲ ਆ ਰਹੀ ਸੀ ਅਤੇ ਇੱਥੋਂ ਦੇ ਪਿੰਡਾਂ ਵਿੱਚ ਮਿਠਿਆਈ ਸਪਲਾਈ ਕੀਤੀ ਜਾਣੀ ਸੀ। ਗੱਡੀ ਦੀ ਤਲਾਸ਼ੀ ਦੌਰਾਨ ਫੂਡ ਸੇਫਟੀ ਟੀਮ ਨੂੰ ਸ਼ੱਕੀ ਖੋਏ ਸਮੇਤ ਵੱਖ-ਵੱਖ ਕਿਸਮ ਦੀ ਮਿਠਿਆਈ ਮਿਲੀ।
ਫੂਡ ਵਿਭਾਗ ਦੀ ਟੀਮ ਵੱਲੋਂ ਮੌਕੇ ’ਤੇ ਮਿਠਿਆਈ ਅਤੇ ਖੋਏ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਜਾ ਰਿਹਾ ਹੈ। ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਇਨ੍ਹਾਂ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਕਿਸੇ ਕਿਸਮ ਦੀ ਮਿਲਾਵਟ ਜਾਂ ਗੈਰ-ਮਿਆਰੀ ਸਮੱਗਰੀ ਮੌਜੂਦ ਹੈ ਜਾਂ ਨਹੀਂ।
ਫੂਡ ਇੰਸਪੈਕਟਰ ਅਭਿਨਵ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੌਰਾਨ ਮਿਠਿਆਈ ਜਾਂ ਹੋਰ ਖਾਣ-ਪੀਣ ਦੀਆਂ ਵਸਤਾਂ ਖਰੀਦਦੇ ਸਮੇਂ ਗੁਣਵੱਤਾ ਦਾ ਖਾਸ ਧਿਆਨ ਰੱਖਣ ਅਤੇ ਸ਼ੱਕੀ ਜਾਂ ਬਹੁਤ ਘੱਟ ਕੀਮਤ ’ਤੇ ਮਿਲ ਰਹੀਆਂ ਵਸਤਾਂ ਖਰੀਦਣ ਤੋਂ ਗੁਰੇਜ਼ ਕਰਨ।
ਉਨ੍ਹਾਂ ਕਿਹਾ ਕਿ ਜੇਕਰ ਖੋਆ ਬਾਜ਼ਾਰ ਵਿੱਚ ਆਮ ਕੀਮਤ ਨਾਲੋਂ ਬਹੁਤ ਘੱਟ, ਜਿਵੇਂ ਕਿ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ, ਤਾਂ ਉਸ ਦੀ ਗੁਣਵੱਤਾ ਨੂੰ ਲੈ ਕੇ ਸਾਵਧਾਨ ਰਹਿਣ ਦੀ ਲੋੜ ਹੈ। ਹਾਲਾਂਕਿ ਕਿਸੇ ਖੋਏ ਜਾਂ ਮਿਠਿਆਈ ਨੂੰ ਮਿਲਾਵਟੀ ਦੱਸਣ ਲਈ ਲੈਬ ਰਿਪੋਰਟ ਹੀ ਅੰਤਿਮ ਆਧਾਰ ਹੋਵੇਗੀ।
ਫੂਡ ਸੇਫਟੀ ਵਿਭਾਗ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਅਜਿਹੀ ਚੈਕਿੰਗ ਅੱਗੇ ਵੀ ਜਾਰੀ ਰਹੇਗੀ, ਤਾਂ ਜੋ ਲੋਕਾਂ ਤੱਕ ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਦੀਆਂ ਵਸਤਾਂ ਪਹੁੰਚ ਸਕਣ।

- August 17, 2026
ਫਾਜ਼ਿਲਕਾ ਤੋਂ ਫਿਰੋਜ਼ਪੁਰ ਆ ਰਹੀ ਮਿਲਾਵਟੀ ਮਿਠਿਆਈ ਦੀ ਗੱਡੀ ਰਸਤੇ ’ਚ ਰੋਕੀ