ਬਾਜ਼ਾਰਾਂ ਵਿੱਚ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਕੌਂਸਲ ਦੀ ਕਾਰਵਾਈ, ਤੰਦੂਰ-ਭੱਠੀਆਂ ਹਟਾਈਆਂ
- kakkar.news
- August 19, 2026
- Punjab
ਬਾਜ਼ਾਰਾਂ ਵਿੱਚ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਕੌਂਸਲ ਦੀ ਕਾਰਵਾਈ, ਤੰਦੂਰ-ਭੱਠੀਆਂ ਹਟਾਈਆਂ
ਫਿਰੋਜ਼ਪੁਰ 19 ਅਗਸਤ, 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਬਾਜ਼ਾਰਾਂ ਵਿੱਚ ਵੱਧ ਰਹੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਨਗਰ ਕੌਂਸਲ ਵੱਲੋਂ ਅੱਜ ਕਾਰਵਾਈ ਕੀਤੀ ਗਈ। ਬਾਜ਼ਾਰਾਂ ਵਿੱਚ ਕਈ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੀ ਹੱਦ ਤੋਂ ਕਈ-ਕਈ ਫੁੱਟ ਬਾਹਰ ਤੱਕ ਤੰਦੂਰ ਅਤੇ ਭੱਠੀਆਂ ਲਗਾ ਕੇ ਰਸਤੇ ’ਤੇ ਕਬਜ਼ਾ ਕੀਤਾ ਹੋਇਆ ਸੀ। ਇਸ ਕਾਰਨ ਰਾਹਗੀਰਾਂ ਨੂੰ ਆਵਾਜਾਈ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਲੋਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਨਗਰ ਕੌਂਸਲ ਨੂੰ ਇਸ ਸਬੰਧੀ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸਨ। ਸ਼ਿਕਾਇਤਾਂ ਦੇ ਆਧਾਰ ’ਤੇ ਅੱਜ ਨਗਰ ਕੌਂਸਲ ਦੀ ਟੀਮ ਬਾਜ਼ਾਰ ਵਿੱਚ ਪਹੁੰਚੀ ਅਤੇ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ। ਇਸ ਦੌਰਾਨ ਦੁਕਾਨਾਂ ਦੇ ਬਾਹਰ ਬਣੇ ਅਤੇ ਲਗਾਏ ਗਏ ਤੰਦੂਰ ਤੇ ਭੱਠੀਆਂ ਨੂੰ ਹਟਾਇਆ ਗਿਆ, ਤਾਂ ਜੋ ਲੋਕਾਂ ਲਈ ਬਾਜ਼ਾਰ ਵਿੱਚ ਆਉਣ-ਜਾਣ ਦਾ ਰਸਤਾ ਖੁੱਲ੍ਹਾ ਰਹੇ।
ਕਾਰਵਾਈ ਤੋਂ ਬਾਅਦ ਸਥਾਨਕ ਲੋਕਾਂ ਨੇ ਰਾਹਤ ਜਤਾਈ। ਉਨ੍ਹਾਂ ਦਾ ਕਹਿਣਾ ਹੈ ਕਿ ਕਬਜ਼ਿਆਂ ਕਾਰਨ ਬਾਜ਼ਾਰ ਦੇ ਰਸਤੇ ਕਾਫੀ ਤੰਗ ਹੋ ਗਏ ਸਨ ਅਤੇ ਪੈਦਲ ਚੱਲਣ ਵਾਲਿਆਂ ਨੂੰ ਵੀ ਮੁਸ਼ਕਲਾਂ ਆ ਰਹੀਆਂ ਸਨ। ਲੋਕਾਂ ਨੇ ਉਮੀਦ ਜਤਾਈ ਕਿ ਨਗਰ ਕੌਂਸਲ ਵੱਲੋਂ ਅੱਗੇ ਵੀ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਇਸੇ ਤਰ੍ਹਾਂ ਦੀ ਕਾਰਵਾਈ ਜਾਰੀ ਰੱਖੀ ਜਾਵੇਗੀ।
ਹਾਲਾਂਕਿ, ਜਿਨ੍ਹਾਂ ਦੁਕਾਨਦਾਰਾਂ ਦੇ ਤੰਦੂਰ ਅਤੇ ਭੱਠੀਆਂ ਹਟਾਏ ਗਏ, ਉਨ੍ਹਾਂ ਨੇ ਕਾਰਵਾਈ ’ਤੇ ਸਵਾਲ ਚੁੱਕੇ ਹਨ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਨਗਰ ਕੌਂਸਲ ਵੱਲੋਂ ਉਨ੍ਹਾਂ ਨੂੰ ਪਹਿਲਾਂ ਕੋਈ ਨੋਟਿਸ, ਚਿਤਾਵਨੀ ਜਾਂ ਹੋਰ ਸੂਚਨਾ ਨਹੀਂ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਹਿਲਾਂ ਜਾਣਕਾਰੀ ਦਿੱਤੀ ਜਾਂਦੀ ਤਾਂ ਉਹ ਖੁਦ ਹੀ ਕਬਜ਼ੇ ਹਟਾ ਲੈਂਦੇ ਅਤੇ ਉਨ੍ਹਾਂ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਸੀ।
ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਕੌਂਸਲ ਦੀ ਇਹ ਕਾਰਵਾਈ ਸਿਰਫ਼ ਇੱਕ ਦਿਨ ਤੱਕ ਸੀਮਤ ਰਹਿੰਦੀ ਹੈ ਜਾਂ ਬਾਜ਼ਾਰਾਂ ਵਿੱਚ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਅੱਗੇ ਵੀ ਮੁਹਿੰਮ ਲਗਾਤਾਰ ਜਾਰੀ ਰਹਿੰਦੀ ਹੈ।
