ਹੈਰੋਇਨ, ਆਈਸ ਡਰੱਗ ਤੇ ਨਾਜਾਇਜ਼ ਹਥਿਆਰਾਂ ਸਮੇਤ 4 ਆਰੋਪੀ ਗ੍ਰਿਫ਼ਤਾਰ
- kakkar.news
- August 19, 2026
- Crime Punjab
ਫਿਰੋਜ਼ਪੁਰ ਪੁਲਿਸ ਦੀ ਕਾਰਵਾਈ: ਦੋ ਮਾਮਲਿਆਂ ’ਚ ਚਾਰ ਆਰੋਪੀ ਕਾਬੂ, ਹੈਰੋਇਨ-ਆਈਸ ਡਰੱਗ ਤੇ ਹਥਿਆਰ ਬਰਾਮਦ
ਫਿਰੋਜ਼ਪੁਰ 19 ਅਗਸਤ, 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਨੇ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਦੋ ਵੱਖ-ਵੱਖ ਮਾਮਲਿਆਂ ਵਿੱਚ ਚਾਰ ਆਰੋਪੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਆਰੋਪੀਆਂ ਦੇ ਕਬਜ਼ੇ ਵਿੱਚੋਂ ਹੈਰੋਇਨ, ਆਈਸ ਡਰੱਗ, ਦੇਸੀ ਕੱਟਾ, ਪਿਸਟਲ, ਮੈਗਜ਼ੀਨ ਅਤੇ ਜ਼ਿੰਦਾ ਰੌਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਪਹਿਲੇ ਮਾਮਲੇ ਵਿੱਚ ਥਾਣਾ ਮਮਦੋਟ ਦੀ ਪੁਲਿਸ ਪਾਰਟੀ ਏਐਸਆਈ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਫਿਰੋਜ਼ਪੁਰ ਰੋਡ ਨੇੜੇ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇੱਕ ਚਿੱਟੇ ਰੰਗ ਦੀ ਕਰੇਟਾ ਗੱਡੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ।
ਪੁਲਿਸ ਮੁਤਾਬਕ ਗੱਡੀ ਵਿੱਚੋਂ 101.64 ਗ੍ਰਾਮ ਹੈਰੋਇਨ, 12.54 ਗ੍ਰਾਮ ਆਈਸ ਡਰੱਗ, ਇੱਕ .315 ਬੋਰ ਦੇਸੀ ਕੱਟਾ, ਇੱਕ .30 ਬੋਰ ਚਾਈਨਾ ਮੇਡ ਪਿਸਟਲ, ਦੋ ਪਿਸਟਲ ਮੈਗਜ਼ੀਨ ਅਤੇ ਦੋ ਜ਼ਿੰਦਾ ਰੌਂਦ ਬਰਾਮਦ ਹੋਏ। 2 ਆਰੋਪੀਆਂ ਨੂੰ ਕਾਬੂ ਕੀਤਾ ਗਿਆ , ਪੁੱਛਗਿੱਛ ਦੌਰਾਨ ਆਰੋਪੀਆਂ ਦੀ ਪਛਾਣ ਸਾਹਿਲ ਕੰਬੋਜ ਅਤੇ ਗਗਨਦੀਪ ਸਿੰਘ ਉਰਫ਼ ਗੱਗੀ, ਵਾਸੀ ਜਲਾਲਾਬਾਦ, ਵਜੋਂ ਹੋਈ।
ਇਸ ਮਾਮਲੇ ਵਿੱਚ ਥਾਣਾ ਮਮਦੋਟ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 22, 61, 85 ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਮਾਮਲੇ ਵਿੱਚ ਸੀਆਈਏ ਟੀਮ ਵੱਲੋਂ ਚੈਕਿੰਗ ਦੌਰਾਨ ਮੁਖਬਰ ਦੀ ਸੂਚਨਾ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਿਗਰਪ੍ਰੀਤ ਸਿੰਘ ਪੁੱਤਰ ਬੋੜ ਸਿੰਘ ਅਤੇ ਬੋਰਡ ਸਿੰਘ ਪੁੱਤਰ ਲਾਭ ਸਿੰਘ, ਵਾਸੀ ਤਰਨ ਤਾਰਨ, ਗੈਰ-ਕਾਨੂੰਨੀ ਹਥਿਆਰਾਂ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ।
ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਹਰਿਆਣਾ ਨੰਬਰ ਵਾਲੀ ਗੱਡੀ ਨੂੰ ਰੋਕ ਕੇ ਦੋਵਾਂ ਆਰੋਪੀਆਂ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇੱਕ .30 ਬੋਰ ਪਿਸਟਲ ਅਤੇ ਚਾਰ ਜ਼ਿੰਦਾ .30 ਬੋਰ ਰੌਂਦ ਬਰਾਮਦ ਕੀਤੇ ਗਏ।
ਥਾਣਾ ਸਿਟੀ ਜੀਰਾ ਵਿਖੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਦੋਵਾਂ ਮਾਮਲਿਆਂ ਵਿੱਚ ਮੁਲਜ਼ਮਾਂ ਤੋਂ ਪੁੱਛਗਿੱਛ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।
