Trending Now
#ਸ੍ਰੀ ਗੁਰੂ ਰਵਿਦਾਸ ਜੀ ਨੇ ਸਮਾਨਤਾ, ਭਾਈਚਾਰੇ, ਮਨੁੱਖਤਾ ਅਤੇ ਸਮਾਜਿਕ ਨਿਆਂ ਦੇ ਸੰਦੇਸ਼ ਨੂੰ ਜੀਵਨ ਵਿੱਚ ਅਪਣਾਉਣ ਦਾ ਦਿੱਤਾ ਸੰਦੇਸ਼
#‘ਮਾਤ ਭਾਸ਼ਾ ਦਾ ਅਧਿਆਪਨ ਸਮਕਾਲੀ ਵੰਗਾਰਾਂ ਦੇ ਸਨਮੁੱਖ’ ਵਿਸ਼ੇ ’ਤੇ ਕਰਵਾਇਆ ਗਿਆ ਸਮਾਗਮ
#GPS ਸਕੂਲ ਪਿੰਡ ਆਲੇ ਵਾਲੇ ਵਿਖੇ ਮਿਡ-ਡੇ ਮੀਲ ਦੀ ਚੈਕਿੰਗ ਅਤੇ ਬੱਚਿਆਂ ਲਈ ਫੂਡ ਸੇਫਟੀ ਜਾਗਰੂਕਤਾ ਕੈਂਪ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#ਕੇਂਦਰੀ ਸਿਹਤ ਮੰਤਰਾਲੇ ਦੀ ਟੀਮ ਵੱਲੋਂ ਫ਼ਿਰੋਜ਼ਪੁਰ ਵਿੱਚ ਸਿਹਤ ਸੇਵਾਵਾਂ ਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੀ ਕੀਤੀ ਜਾਵੇਗੀ ਸਮੀਖਿਆ
#ਐਨਐਚਐਮ ਕਰਮਚਾਰੀਆਂ ਨਾਲ ਆਰਥਿਕ ਤੇ ਮਾਨਸਿਕ ਬੇਇਨਸਾਫ਼ੀ ਬੰਦ ਕਰੇ ਸਰਕਾਰ- ਡੀਟੀਐੱਫ
#ਫਿਰੋਜ਼ਪੁਰ ਰੇਲਵੇ ਮੰਡਲ ਦੇ 38 ਸੇਵਾਮੁਕਤ ਕਰਮਚਾਰੀਆਂ ਨੂੰ 20.47 ਕਰੋੜ ਤੋਂ ਵੱਧ ਦੇ ਭੁਗਤਾਨ ਜਾਰੀ
#ਬਾਜ਼ਾਰਾਂ ਵਿੱਚ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਕੌਂਸਲ ਦੀ ਕਾਰਵਾਈ, ਤੰਦੂਰ-ਭੱਠੀਆਂ ਹਟਾਈਆਂ
#ਹੈਰੋਇਨ, ਆਈਸ ਡਰੱਗ ਤੇ ਨਾਜਾਇਜ਼ ਹਥਿਆਰਾਂ ਸਮੇਤ 4 ਆਰੋਪੀ ਗ੍ਰਿਫ਼ਤਾਰ
#ਫਿਰੋਜ਼ਪੁਰ ਸਰਹੱਦੀ ਇਲਾਕੇ ‘ਚ ਡਰੋਨ ਐਕਟੀਵਿਟੀ, ਖੇਤਾਂ ‘ਚੋਂ ਹੈਰੋਇਨ ਅਤੇ ਡਰੋਨ ਮਿਲਿਆ
‘ਮਾਤ ਭਾਸ਼ਾ ਦਾ ਅਧਿਆਪਨ ਸਮਕਾਲੀ ਵੰਗਾਰਾਂ ਦੇ ਸਨਮੁੱਖ’ ਵਿਸ਼ੇ ’ਤੇ ਕਰਵਾਇਆ ਗਿਆ ਸਮਾਗਮ
- kakkar.news
- August 19, 2026
- Punjab
‘ਮਾਤ ਭਾਸ਼ਾ ਦਾ ਅਧਿਆਪਨ ਸਮਕਾਲੀ ਵੰਗਾਰਾਂ ਦੇ ਸਨਮੁੱਖ’ ਵਿਸ਼ੇ ’ਤੇ ਕਰਵਾਇਆ ਗਿਆ ਸਮਾਗਮ
ਫਿਰੋਜ਼ਪੁਰ, 19 ਅਗਸਤ 2026 (ਅਨੁਜ ਕੱਕੜ ਟੀਨੂੰ)
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ‘ਮਾਤ ਭਾਸ਼ਾ (ਪੰਜਾਬੀ) ਦਾ ਅਧਿਆਪਨ : ਸਮਕਾਲੀ ਵੰਗਾਰਾਂ ਦੇ ਸਨਮੁੱਖ’ ਵਿਸ਼ੇ ’ਤੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਸਮਾਗਮ ਦੇ ਮਨੋਰਥ ਬਾਰੇ ਗੱਲ ਕਰਦਿਆਂ ਕਿਹਾ ਕਿ ਵਰਤਮਾਨ ਯੁੱਗ ਵਿੱਚ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਹਨ। ਇਨ੍ਹਾਂ ਤਬਦੀਲੀਆਂ ਵਿੱਚ ਤਕਨੀਕ ਦਾ ਬਹੁਤ ਵੱਡਾ ਯੋਗਦਾਨ ਹੈ। ਮੌਜੂਦਾ ਦੌਰ ਵਿੱਚ ਮਸਨੂਈ ਬੁੱਧੀ (AI) ਨੇ ਸਾਡੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਬਦਲਾਅ ਲਿਆਂਦਾ ਹੈ। ਇਹ ਬਦਲਾਅ ਜੀਵਨ ਦੇ ਹਰ ਵਰਤਾਰੇ ਵਿੱਚ ਦੇਖਣ ਨੂੰ ਮਿਲਦਾ ਹੈ। ਅਜਿਹੀ ਸਥਿਤੀ ਵਿੱਚ ਅਧਿਆਪਨ ਦੇ ਖੇਤਰ ਵਿੱਚ ਵੀ ਇਨ੍ਹਾਂ ਬਦਲਾਵਾਂ ਦੇ ਸਨਮੁੱਖ ਨਵੇਂ ਜੋਖ਼ਮ ਅਤੇ ਚੁਣੌਤੀਆਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਵਿਸ਼ੇਸ਼ ਤੌਰ ’ਤੇ ਭਾਸ਼ਾ ਦੇ ਅਧਿਆਪਨ ਵਿੱਚ ਇੱਕ ਅਧਿਆਪਕ ਦੀ ਬਹੁਤ ਵੱਡੀ ਭੂਮਿਕਾ ਬਣ ਜਾਂਦੀ ਹੈ, ਕਿਉਂਕਿ ਭਾਸ਼ਾ ਮਨੁੱਖ ਦੇ ਜੀਵਨ, ਉਸ ਦੇ ਸੁਭਾਅ ਅਤੇ ਉਸ ਦੇ ਆਚਾਰ-ਵਿਹਾਰ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਇਸ ਲਈ ਐਜੂਕੇਸ਼ਨ ਕਾਲਜ ਦੇ ਵਿਦਿਆਰਥੀਆਂ ਲਈ ਇਹ ਸਮਾਗਮ ਬਹੁਤ ਲਾਹੇਵੰਦ ਹੋਵੇਗਾ ਕਿਉਂਕਿ ਇਨ੍ਹਾਂ ਵਿਦਿਆਰਥੀਆਂ ਨੇ ਭਵਿੱਖ ਵਿੱਚ ਅਧਿਆਪਕ ਬਣਨਾ ਹੈ।
ਮੁੱਖ ਬੁਲਾਰੇ ਵਜੋਂ ਸ਼ਾਇਰ, ਅਨੁਵਾਦਕ ਤੇ ਅਧਿਆਪਕ ਸੁਖਜਿੰਦਰ ਨੇ ਲੰਮਾ ਸਮਾਂ ਵਿਦਿਆਰਥੀਆਂ ਨਾਲ ਇਸ ਵਿਸ਼ੇ ’ਤੇ ਗੱਲਬਾਤ ਕੀਤੀ। ਸੁਖਜਿੰਦਰ ਨੇ ਆਪਣੀ ਗੱਲਬਾਤ ਨੂੰ ਵਸੀਹ ਰੂਪ ਦਿੰਦਿਆਂ ਦਾਰਸ਼ਨਿਕ ਧਰਾਤਲ ’ਤੇ ਭਾਸ਼ਾ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਬਾਰੇ ਵਿਸਥਾਰ ਸਹਿਤ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜਿਸ ਅਧਿਆਪਕ ਕੋਲ ਸ਼ਬਦਾਂ ਅਤੇ ਵਿਚਾਰਾਂ ਦਾ ਭੰਡਾਰ ਹੈ, ਉਹ ਭਾਸ਼ਾਈ ਤੌਰ ’ਤੇ ਅਮੀਰ ਹੁੰਦਾ ਹੈ। ਅਜਿਹੇ ਅਧਿਆਪਕ ਕੋਲ ਅਧਿਆਪਨ ਦੌਰਾਨ ਪ੍ਰਗਟਾਵੇ ਲਈ ਭਾਸ਼ਾ ਦੀ ਅਸੀਮ ਸਮਰੱਥਾ ਹੁੰਦੀ ਹੈ। ਜਿਸ ਅਧਿਆਪਕ ਕੋਲ ਅਜਿਹੀ ਸਮਰੱਥਾ ਹੈ, ਉਹ ਹਰੇਕ ਵਿਸ਼ੇ ਦਾ ਪ੍ਰਭਾਵਸ਼ਾਲੀ ਢੰਗ ਨਾਲ ਅਧਿਆਪਨ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਧਿਆਪਨ ਦੇ ਕਿੱਤੇ ਵਿੱਚ ਵਿਦਿਆਰਥੀਆਂ ਨਾਲ ਮੂਲ ਬਿੰਦੂ ‘ਸੰਵਾਦ’ ਹੁੰਦਾ ਹੈ। ਸਿਰਜਣਾਤਮਕ ਅਤੇ ਪ੍ਰਭਾਵਸ਼ਾਲੀ ਸੰਵਾਦ ਲਈ ਅਧਿਆਪਕ ਕੋਲ ਭਾਸ਼ਾ ’ਤੇ ਪਕੜ ਹੋਣੀ ਚਾਹੀਦੀ ਹੈ। ਵਿਸ਼ੇਸ਼ ਤੌਰ ’ਤੇ ਮਾਤ ਭਾਸ਼ਾ ਰਾਹੀਂ ਇਹ ਸੰਵਾਦ ਬਹੁਤ ਹੀ ਸਾਰਥਕ ਨਤੀਜੇ ਸਾਹਮਣੇ ਲਿਆ ਸਕਦਾ ਹੈ। ਇੱਕ ਭਾਸ਼ਾ ਦੇ ਅਧਿਆਪਕ ਨੂੰ ਜੀਵਨ ਦੇ ਵੱਖ-ਵੱਖ ਵਰਤਾਰਿਆਂ ਅਤੇ ਅਨੁਸ਼ਾਸਨਾਂ ਬਾਰੇ ਆਲੋਚਨਾਤਮਕ ਸਮਝ ਹੋਣੀ ਚਾਹੀਦੀ ਹੈ, ਕਿਉਂਕਿ ਭਾਸ਼ਾ ਦੇ ਅਧਿਆਪਨ ਵਿੱਚ ਇਸ ਸਮਝ ਦੀ ਵਿਸ਼ੇਸ਼ ਲੋੜ ਹੁੰਦੀ ਹੈ।
ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਬੇਸ਼ੱਕ ਤਕਨੀਕ ਨੇ ਬਹੁਤ ਸਾਰਾ ਪਸਾਰਾ ਫੈਲਾ ਲਿਆ ਹੈ ਅਤੇ ਸਾਡੇ ਜੀਵਨ ਦੇ ਹਰ ਪਲ ਵਿੱਚ ਤਕਨੀਕ ਮੌਜੂਦ ਹੈ, ਪ੍ਰੰਤੂ ਤਕਨੀਕ ਕਦੇ ਵੀ ਇੱਕ ਅਧਿਆਪਕ ਦਾ ਬਦਲ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਅਧਿਆਪਕ ਇੱਕ ਜਿਉਂਦੀ-ਜਾਗਦੀ, ਸਾਹ ਲੈਂਦੀ ਅਤੇ ਮਹਿਸੂਸ ਕਰਦੀ ਸਖ਼ਸ਼ੀਅਤ ਹੁੰਦੀ ਹੈ। ਇਸ ਲਈ ਅਧਿਆਪਕ ਹੀ ਵਿਦਿਆਰਥੀਆਂ ਦੀਆਂ ਮਾਨਸਿਕ ਅਤੇ ਭਾਵਨਾਤਮਿਕ ਲੋੜਾਂ ਨੂੰ ਸਹੀ ਢੰਗ ਨਾਲ ਸਮਝ ਕੇ ਅਧਿਆਪਨ ਨੂੰ ਅਸੀਮ ਸੰਭਾਵਨਾਵਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਨਿਭਾ ਸਕਦਾ ਹੈ।
ਇਸ ਮੌਕੇ ਕਹਾਣੀਕਾਰ ਇੰਜੀ. ਗੁਰਦਿਆਲ ਸਿੰਘ ਵਿਰਕ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦਿਆਂ ਸਿੱਖਿਆ ਦੇ ਮਹੱਤਵ ਬਾਰੇ ਸੰਖੇਪ ਵਿੱਚ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਹਰੇਕ ਭਾਸ਼ਾ ਸਿੱਖਣੀ ਚਾਹੀਦੀ ਹੈ, ਪਰ ਸਵੈ-ਪ੍ਰਗਟਾਵਾ ਅਤੇ ਜੀਵਨ ਵਿੱਚ ਖੂਬਸੂਰਤੀ ਦਾ ਅਹਿਸਾਸ ਮਾਤ ਭਾਸ਼ਾ ਰਾਹੀਂ ਹੀ ਵਧੇਰੇ ਸਾਰਥਕ ਢੰਗ ਨਾਲ ਸੰਭਵ ਹੁੰਦਾ ਹੈ।
ਮੰਚ ਸੰਚਾਲਨ ਕਰਦਿਆਂ ਡਾ. ਸੁਰਿੰਦਰ ਕੰਬੋਜ ਨੇ ਸਮਾਨਾਂਤਰ ਪੂਰਕ ਟਿੱਪਣੀਆਂ ਕਰਦਿਆਂ ਵਿਸ਼ੇ ਨੂੰ ਹੋਰ ਗਹਿਰਾਈ ਨਾਲ ਵਿਦਿਆਰਥੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਢੁੱਕਵੀਆਂ ਉਦਾਹਰਨਾਂ ਦਿੰਦਿਆਂ ਮਨੁੱਖੀ ਜੀਵਨ ਅਤੇ ਵਿਸ਼ੇਸ਼ ਤੌਰ ’ਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਭਾਸ਼ਾ ਦੀ ਮਹੱਤਤਾ ਬਾਰੇ ਇੱਕ ਵਿਸ਼ੇਸ਼ ਸਮਝ ਕਾਇਮ ਕਰਨ ਦੀ ਕੋਸ਼ਿਸ਼ ਕੀਤੀ।
ਇਸ ਮੌਕੇ ’ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਸ੍ਰੀ ਚੇਤਨ ਕੁਮਾਰ ਦੀ ਅਗਵਾਈ ਵਿੱਚ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ’ਤੇ ਡਾ. ਹਰਸੰਗੀਤ ਕੌਰ, ਡਾ. ਪਰਮਵੀਰ ਸਿੰਘ, ਡਾ. ਗਗਨਦੀਪ ਕੌਰ, ਡਾ. ਰਜਨੀ ਖੁੰਗਰ, ਸ੍ਰੀ ਅਜੇਦੀਪ ਤੋਂ ਇਲਾਵਾ ਅਵਤਾਰ ਪੁਰੀ, ਸਮਾਜ ਸੇਵੀ ਕਿਰਨ ਚੋਪੜਾ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।
