ਫਿਰੋਜ਼ਪੁਰ ਛਾਉਣੀ ਵਿੱਚ ਗੁਰੂ ਨਾਨਕ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਭਿਆਨਕ ਅੱਗ
- kakkar.news
- August 20, 2026
- Punjab
ਫਿਰੋਜ਼ਪੁਰ ਛਾਉਣੀ ਵਿੱਚ ਗੁਰੂ ਨਾਨਕ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਭਿਆਨਕ ਅੱਗ
ਫਿਰੋਜ਼ਪੁਰ 20 ਅਗਸਤ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਛਾਉਣੀ ਦੇ ਨੇਮ ਵਾਲਾ ਚੌਂਕ ਨੇੜੇ ਗੁਰੂ ਨਾਨਕ ਇਲੈਕਟ੍ਰੋਨਿਕਸ ਦੀ ਦੁਕਾਨ ਵਿੱਚ ਅੱਜ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਕੁਝ ਹੀ ਸਮੇਂ ਵਿੱਚ ਅੱਗ ਦੂਜੀ ਮੰਜ਼ਿਲ ਤੋਂ ਤੀਜੀ ਮੰਜ਼ਿਲ ਤੱਕ ਫੈਲ ਗਈ, ਜਿਸ ਕਾਰਨ ਦੁਕਾਨ ਵਿੱਚ ਪਏ ਇਲੈਕਟ੍ਰੋਨਿਕਸ ਦੇ ਸਮਾਨ ਦਾ ਭਾਰੀ ਨੁਕਸਾਨ ਹੋਇਆ।
ਅੱਗ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਗ ’ਤੇ ਕਾਬੂ ਪਾਉਣ ਲਈ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਤੋਂ ਫਾਇਰ ਬ੍ਰਿਗੇਡ ਦੀਆਂ ਤਿੰਨ ਤੋਂ ਚਾਰ ਗੱਡੀਆਂ ਮੌਕੇ ’ਤੇ ਪਹੁੰਚੀਆਂ। ਫਾਇਰ ਕਰਮਚਾਰੀਆਂ ਨੂੰ ਅੱਗ ਬੁਝਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ ਅਤੇ ਹੋਰ ਫਾਇਰ ਟੈਂਡਰ ਵੀ ਮੌਕੇ ’ਤੇ ਬੁਲਾਏ ਜਾਣ ਦੀ ਸੰਭਾਵਨਾ ਬਣੀ ਹੋਈ ਹੈ।
ਇਸ ਦੌਰਾਨ ਫਾਇਰ ਬ੍ਰਿਗੇਡ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋਏ ਹਨ। ਜਾਣਕਾਰੀ ਮੁਤਾਬਕ, ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਜਦੋਂ ਫਿਰੋਜ਼ਪੁਰ ਛਾਉਣੀ ਦੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਤਾਂ ਕੁਝ ਸਮੇਂ ਤੱਕ ਉਸ ਦੀ ਪ੍ਰੈਸ਼ਰ ਮੋਟਰ ਚਾਲੂ ਨਹੀਂ ਹੋ ਸਕੀ। ਇਸ ਕਾਰਨ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਹੋਣ ਵਿੱਚ ਦੇਰੀ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਇਸ ਸਬੰਧੀ ਅਧਿਕਾਰੀਆਂ ਵੱਲੋਂ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ।
ਫਿਲਹਾਲ ਫਾਇਰ ਬ੍ਰਿਗੇਡ ਦੇ ਕਰਮਚਾਰੀ ਆਪਣੀ ਪੂਰੀ ਮਿਹਨਤ ਨਾਲ ਅੱਗ ’ਤੇ ਕਾਬੂ ਪਾਉਣ ਵਿੱਚ ਜੁਟੇ ਹੋਏ ਹਨ। ਇਸ ਦੌਰਾਨ ਨਾਲ ਲੱਗਦੀਆਂ ਦੁਕਾਨਾਂ ਦੇ ਦੁਕਾਨਦਾਰ ਵੀ ਫਾਇਰ ਕਰਮਚਾਰੀਆਂ ਦਾ ਸਹਿਯੋਗ ਕਰਦੇ ਨਜ਼ਰ ਆਏ।
ਅੱਗ ਦੇ ਫੈਲਣ ਦੇ ਖ਼ਤਰੇ ਨੂੰ ਦੇਖਦਿਆਂ ਨੇੜਲੇ ਦੁਕਾਨਦਾਰਾਂ ਵੱਲੋਂ ਗੁਰੂ ਨਾਨਕ ਇਲੈਕਟ੍ਰੋਨਿਕਸ ਦੀ ਦੁਕਾਨ ਵਿੱਚੋਂ ਸਮਾਨ ਬਾਹਰ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਮੁਸ਼ਕਲ ਘੜੀ ਵਿੱਚ ਆਸ-ਪਾਸ ਦੇ ਦੁਕਾਨਦਾਰ ਇੱਕ-ਦੂਜੇ ਦੀ ਮਦਦ ਕਰਦੇ ਹੋਏ ਨਜ਼ਰ ਆਏ।
ਅੱਗ ਲੱਗਣ ਦੇ ਕਾਰਨਾਂ ਅਤੇ ਇਸ ਘਟਨਾ ਵਿੱਚ ਹੋਏ ਕੁੱਲ ਮਾਲੀ ਨੁਕਸਾਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ਤੋਂ ਬਾਅਦ ਹੀ ਨੁਕਸਾਨ ਦਾ ਸਹੀ ਅੰਦਾਜ਼ਾ ਲੱਗ ਸਕੇਗਾ।
ਖ਼ਬਰ ਲਿਖੇ ਜਾਨ ਤਕ ਅੱਗ ਤੇ ਕਾਬੂ ਅਜੇ ਤਕ ਨਹੀਂ ਸੀ ਪਾਇਆ ਗਿਆ
