ਫਿਰੋਜ਼ਪੁਰ ਦੇ ਅਮਨਦੀਪ ਹਸਪਤਾਲ ’ਚ ਮੁਫ਼ਤ ਫਾਈਬਰੋਸਕੈਨ ਟੈਸਟ ਕੈਂਪ, ਹੁਣ ਤੱਕ ਹਜ਼ਾਰਾਂ ਮਰੀਜ਼ਾਂ ਨੇ ਲਿਆ ਲਾਭ
- kakkar.news
- August 31, 2026
- Health Punjab
ਫਿਰੋਜ਼ਪੁਰ ਦੇ ਅਮਨਦੀਪ ਹਸਪਤਾਲ ’ਚ ਮੁਫ਼ਤ ਫਾਈਬਰੋਸਕੈਨ ਟੈਸਟ ਕੈਂਪ, ਹੁਣ ਤੱਕ ਹਜ਼ਾਰਾਂ ਮਰੀਜ਼ਾਂ ਨੇ ਲਿਆ ਲਾਭ
ਫਿਰੋਜ਼ਪੁਰ 31 ਅਗਸਤ 2026 (ਅਨੁਜ ਕੱਕੜ ਟੀਨੂੰ)
ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫਿਰੋਜ਼ਪੁਰ ਦੇ ਅਮਨਦੀਪ ਹਸਪਤਾਲ ਵੱਲੋਂ ਮੁਫ਼ਤ ਫਾਈਬਰੋਸਕੈਨ ਟੈਸਟ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 100 ਤੋਂ ਵੱਧ ਮਰੀਜ਼ਾਂ ਨੇ ਮੁਫ਼ਤ ਫਾਈਬਰੋਸਕੈਨ ਟੈਸਟ ਦੀ ਸਹੂਲਤ ਦਾ ਲਾਭ ਲਿਆ।
ਅਮਨਦੀਪ ਹਸਪਤਾਲ ਦੇ ਫੈਕਲਟੀ ਡਾਇਰੈਕਟਰ ਅਭਿਸ਼ੇਕ ਅਰੋੜਾ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਇਹ ਕੈਂਪ ਹਰ ਮਹੀਨੇ ਲਗਭਗ ਦੋ ਵਾਰ ਕਰਵਾਇਆ ਜਾਂਦਾ ਹੈ। ਆਮ ਤੌਰ ’ਤੇ ਜਿਸ ਫਾਈਬਰੋਸਕੈਨ ਟੈਸਟ ਦੀ ਕੀਮਤ ਲਗਭਗ 4 ਤੋਂ 5 ਹਜ਼ਾਰ ਰੁਪਏ ਹੁੰਦੀ ਹੈ, ਉਹ ਹਸਪਤਾਲ ਵੱਲੋਂ ਇਸ ਕੈਂਪ ਦੌਰਾਨ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਫਾਈਬਰੋਸਕੈਨ ਟੈਸਟ ਲਿਵਰ ਦੀ ਸਿਹਤ ਨਾਲ ਸਬੰਧਤ ਮਹੱਤਵਪੂਰਨ ਜਾਂਚ ਹੈ। ਇਸ ਰਾਹੀਂ ਲਿਵਰ ਵਿੱਚ ਚਰਬੀ ਜਮ੍ਹਾਂ ਹੋਣ ਅਤੇ ਲਿਵਰ ਨਾਲ ਸਬੰਧਤ ਹੋਰ ਸਮੱਸਿਆਵਾਂ ਦੀ ਜਾਂਚ ਕਰਨ ਵਿੱਚ ਮਦਦ ਮਿਲਦੀ ਹੈ।
ਕੈਂਪ ਦੌਰਾਨ ਡਾਕਟਰ ਪ੍ਰਦੀਪ ਮਿੱਤਲ ਅਤੇ ਡਾਕਟਰ ਚਰਨਜੀਤ ਸਿੰਘ ਵੱਲੋਂ ਮਰੀਜ਼ਾਂ ਦੀਆਂ ਫਾਈਬਰੋਸਕੈਨ ਰਿਪੋਰਟਾਂ ਦੀ ਜਾਂਚ ਕੀਤੀ ਗਈ ਅਤੇ ਰਿਪੋਰਟਾਂ ਦੇ ਆਧਾਰ ’ਤੇ ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਲੋੜੀਂਦੀ ਡਾਕਟਰੀ ਸਲਾਹ ਦਿੱਤੀ ਗਈ।
ਫੈਕਲਟੀ ਡਾਇਰੈਕਟਰ ਅਭਿਸ਼ੇਕ ਅਰੋੜਾ ਮੁਤਾਬਕ ਫਿਰੋਜ਼ਪੁਰ ਵਿੱਚ ਇਸ ਤਰ੍ਹਾਂ ਦੀ ਟੈਸਟ ਸਹੂਲਤ ਸੀਮਤ ਹੋਣ ਕਾਰਨ ਕਈ ਲੋਕਾਂ ਨੂੰ ਇਹ ਜਾਂਚ ਕਰਵਾਉਣ ਲਈ ਦੂਜੇ ਸ਼ਹਿਰਾਂ ਦਾ ਰੁਖ ਕਰਨਾ ਪੈਂਦਾ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਅਮਨਦੀਪ ਹਸਪਤਾਲ ਵੱਲੋਂ ਇਹ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਆਪਣੇ ਹੀ ਸ਼ਹਿਰ ਵਿੱਚ ਇਹ ਜਾਂਚ ਕਰਵਾਉਣ ਦੀ ਸਹੂਲਤ ਮਿਲ ਸਕੇ।
ਹਸਪਤਾਲ ਪ੍ਰਬੰਧਨ ਦੇ ਅਨੁਸਾਰ ਹੁਣ ਤੱਕ ਹਜ਼ਾਰਾਂ ਮਰੀਜ਼ ਇਸ ਮੁਫ਼ਤ ਫਾਈਬਰੋਸਕੈਨ ਕੈਂਪ ਦਾ ਲਾਭ ਲੈ ਚੁੱਕੇ ਹਨ। ਅੱਜ ਦੇ ਕੈਂਪ ਵਿੱਚ ਵੀ 100 ਤੋਂ ਵੱਧ ਮਰੀਜ਼ਾਂ ਨੇ ਇਸ ਸਹੂਲਤ ਦਾ ਲਾਭ ਲਿਆ।
ਅਭਿਸ਼ੇਕ ਅਰੋੜਾ ਨੇ ਦੱਸਿਆ ਕਿ ਪਿੰਡਾਂ ਵਿੱਚ ਮੌਜੂਦ RMP ਡਾਕਟਰਾਂ ਅਤੇ ਵੱਖ-ਵੱਖ ਮੈਡੀਕਲ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਇਸ ਟੈਸਟ ਬਾਰੇ ਜਾਗਰੂਕ ਕੀਤਾ ਜਾਂਦਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਸਮੇਂ ਸਿਰ ਆਪਣੇ ਲਿਵਰ ਦੀ ਜਾਂਚ ਕਰਵਾ ਸਕਣ।
ਅਮਨਦੀਪ ਹਸਪਤਾਲ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੇ ਮੁਫ਼ਤ ਸਿਹਤ ਕੈਂਪ ਅੱਗੇ ਵੀ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ।
