ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ‘ਤੇ ਟਰੈਕਟਰ ਉੱਪਰ ਚੜਣ ਕਾਰਨ ਗੰਭੀਰ ਜ਼ਖ਼ਮੀ ਹੋਏ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
- 110 Views
- kakkar.news
- December 12, 2022
- Punjab
ਫਾਜ਼ਿਲਕਾ-ਫਿਰੋਜ਼ਪੁਰ ਐਕਸੀਡੈਂਟ ਚ ਜ਼ਖ਼ਮੀ ਹੋਏ ਨੌਜਵਾਨ ਨੇ ਹਸਪਤਾਲ ਪਹੁੰਚਣ ਤੋਂ ਪਹਿਲਾ ਹੀ ਦੱਮ ਤੋੜਿਆ, ਇਨਸਾਨੀਅਤ ਹੋਈ ਸ਼ਰਮਸਾਰ
ਫਿਰੋਜ਼ਪੁਰ 12 ਦਸੰਬਰ 2022 (ਸੁਭਾਸ਼ ਕੱਕੜ)
ਫਾਜ਼ਿਲਕਾ -ਫਿਰੋਜ਼ਪੁਰ ਹਾਈਵੇ ‘ਤੇ ਵਾਪਰੇ ਭਿਆਨਕ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ‘ਤੇ ਪੈਂਦੇ ਪਿੰਡ ਰਾਣਾ ਮੌੜ ਦੇ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਬੁਲਟ ਮੋਟਰਸਾਈਕਲ ‘ਤੇ ਸਵਾਰ ਹੋ ਕੇ ਵਿਆਹ ਸਮਾਗਮ ‘ਤੇ ਆਇਆ ਹੋਇਆ ਸੀ।ਇਸ ਦੌਰਾਨ ਜਦੋਂ ਉਹ ਜਾ ਰਿਹਾ ਸੀ ਤਾਂ ਇਕ ਟਰੈਕਟਰ ਉਸਦੇ ਉੱਪਰ ਚੜ੍ਹ ਗਿਆ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਕਿ ਉਸ ਨੂੰ ਖ਼ੂਨ ‘ਚ ਲੱਥ-ਪੱਥ ਅਤੇ ਤੜਫ਼ਦਾ ਵੇਖ ਰਾਹ ਜਾਂਦਾ ਕੋਈ ਵੀ ਵਿਅਕਤੀ ਉਸ ਦੀ ਮਦਦ ਲਈ ਨਹੀਂ ਆਇਆ ਅਤੇ ਉਹ ਸੜਕ ਕਿਨਾਰੇ ਪਿਆ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਰਿਹਾ।
ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਇਨਸਾਨੀਅਤ ਦਿਖਾਉਂਦਿਆਂ ਮੌਕੇ ਤੋਂ ਲੰਘ ਰਹੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਨੌਜਵਾਨ ਨੂੰ ਤੜਫਦਿਆਂ ਦੇਖ ਗੱਡੀ ਰੋਕੀ ਤੇ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਸਰਕਾਰੀ ਹਸਪਤਾਲ ਲਿਆਂਦਾ। ਜਿੱਥੇ ਡਾਕਟਰ ਨੇ ਕਿਹਾ ਕਿ ਐਕਸੀਡੈਂਟ ਹੋਏ ਨੂੰ ਕਾਫ਼ੀ ਸਮਾਂ ਬੀਤ ਜਾਣ ਕਾਰਨ ਨੌਜਵਾਨ ਦਾ ਕਾਫ਼ੀ ਖ਼ੂਨ ਵਹਿ ਗਿਆ ਹੈ ਅਤੇ ਉਸ ਦੀ ਹਾਲਤ ਨੂੰ ਗੰਭੀਰ ਦੱਸਦਿਆਂ ਉਨ੍ਹਾਂ ਨੌਜਵਾਨ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਫਰੀਦਕੋਟ ਜਾਂਦੇ ਹੋਏ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਨੌਜਵਾਨ ਨੇ ਦਮ ਤੋੜ ਦਿੱਤਾ। ਸ਼ਾਇਦ ਜੇਕਰ ਕੋਈ ਉਸ ਨੂੰ ਸਮੇਂ ਸਿਰ ਹਸਪਤਾਲ ਲੈ ਜਾਂਦਾ ਤਾਂ ਨੌਜਵਾਨ ਦੀ ਜਾਨ ਬਚ ਜਾਣੀ ਸੀ।


