ਕਤਲ, ਫਿਰੌਤੀ ਤੇ ਨਾਜਾਇਜ਼ ਹਥਿਆਰਾਂ ਦੇ ਮਾਮਲਿਆਂ ’ਚ 8 ਆਰੋਪੀ ਗ੍ਰਿਫ਼ਤਾਰ
- kakkar.news
- October 9, 2026
- Crime Punjab
– ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ: ਕਤਲ, ਫਿਰੌਤੀ ਤੇ ਨਾਜਾਇਜ਼ ਹਥਿਆਰਾਂ ਦੇ ਮਾਮਲਿਆਂ ’ਚ 8 ਆਰੋਪੀ ਗ੍ਰਿਫ਼ਤਾਰ
-ਤਿੰਨ ਵੱਖ-ਵੱਖ ਕੇਸਾਂ ’ਚ CIA ਸਟਾਫ਼ ਜ਼ੀਰਾ ਨੂੰ ਮਿਲੀ ਸਫ਼ਲਤਾ, 3 ਪਿਸਤੌਲਾਂ ਅਤੇ 20 ਜ਼ਿੰਦਾ ਕਾਰਤੂਸ ਬਰਾਮਦ
ਫਿਰੋਜ਼ਪੁਰ, 9 ਅਕਤੂਬਰ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਦੇ CIA ਸਟਾਫ਼ ਜ਼ੀਰਾ ਨੇ ਅਪਰਾਧਿਕ ਗਤੀਵਿਧੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਕੁੱਲ 8 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮਾਮਲਿਆਂ ਵਿੱਚ ਨਾਜਾਇਜ਼ ਹਥਿਆਰ ਰੱਖਣ, ਪੁਰਾਣੀ ਰੰਜਿਸ਼ ਕਾਰਨ ਕਤਲ ਅਤੇ ਫਿਰੌਤੀ ਮੰਗਣ ਦੇ ਦੋਸ਼ ਸ਼ਾਮਲ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦੇ ਤਿੰਨ ਪਿਸਤੌਲ, ਮੈਗਜ਼ੀਨ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ CIA ਸਟਾਫ਼ ਜ਼ੀਰਾ ਦੀਆਂ ਟੀਮਾਂ ਨੇ ਵੱਖ-ਵੱਖ ਮਾਮਲਿਆਂ ਦੀ ਜਾਂਚ ਕਰਦਿਆਂ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ।
ਪੁਲਿਸ ਦੀ ਪਹਿਲੀ ਕਾਰਵਾਈ ਦੌਰਾਨ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ 32 ਬੋਰ ਦੇ ਪਿਸਤੌਲ, ਮੈਗਜ਼ੀਨ ਅਤੇ 20 ਜ਼ਿੰਦਾ ਕਾਰਤੂਸ ਮਿਲੇ ਹਨ। ਪੁਲਿਸ ਅਨੁਸਾਰ, ਆਰੋਪੀ ਕਥਿਤ ਤੌਰ ’ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਪੁਲਿਸ ਨੇ ਇਹ ਵੀ ਦੱਸਿਆ ਕਿ ਆਰੋਪੀਆਂ ਦੇ ਪਿਛਲੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ।
ਦੂਜੇ ਮਾਮਲੇ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੋਏ ਕਤਲ ਦੀ ਜਾਂਚ ਦੌਰਾਨ ਚਾਰ ਆਰੋਪੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਦੋ ਧਿਰਾਂ ਵਿਚਕਾਰ ਪਹਿਲਾਂ ਵੀ ਲੜਾਈ-ਝਗੜਾ ਹੋਇਆ ਸੀ ਅਤੇ ਇਸੇ ਰੰਜਿਸ਼ ਕਾਰਨ ਕਥਿਤ ਤੌਰ ’ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਚਾਰ ਆਰੋਪੀਆਂ ਵਿੱਚੋਂ ਦੋ ਫ਼ੌਜ ਵਿੱਚ ਤਾਇਨਾਤ ਦੱਸੇ ਗਏ ਹਨ, ਜੋ ਘਟਨਾ ਸਮੇਂ ਛੁੱਟੀ ’ਤੇ ਆਏ ਹੋਏ ਸਨ।
ਤੀਜੇ ਮਾਮਲੇ ਵਿੱਚ ਮੱਖੂ ਵਿਖੇ ਇੱਕ ਵਿਅਕਤੀ ਤੋਂ ਕਥਿਤ ਤੌਰ ’ਤੇ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੀ ਜਾਂਚ ਕਰਦਿਆਂ ਪੁਲਿਸ ਨੇ ਇੱਕ ਆਰੋਪੀ ਨੂੰ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਅਨੁਸਾਰ, ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।
ਫਿਰੋਜ਼ਪੁਰ ਪੁਲਿਸ ਦੀ ਇਸ ਕਾਰਵਾਈ ਨਾਲ ਕਤਲ, ਫਿਰੌਤੀ ਅਤੇ ਨਾਜਾਇਜ਼ ਹਥਿਆਰਾਂ ਨਾਲ ਸਬੰਧਤ ਤਿੰਨ ਮਾਮਲਿਆਂ ਵਿੱਚ ਕੁੱਲ ਅੱਠ ਆਰੋਪੀਆਂ ਪੁਲਿਸ ਦੀ ਗ੍ਰਿਫ਼ਤ ਵਿੱਚ ਆਏ ਹਨ। ਪੁਲਿਸ ਵੱਲੋਂ ਮਾਮਲਿਆਂ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
