ਵਿਧਾਇਕ ਰਣਬੀਰ ਭੁੱਲਰ ਨੇ ਮ੍ਰਿਤਕ ਬਾਬੂ ਸਿੰਘ ਦੇ ਪਰਿਵਾਰ ਨੂੰ ਸੌਂਪਿਆ 4 ਲੱਖ ਰੁਪਏ ਸਹਾਇਤਾ ਰਾਸ਼ੀ ਦਾ ਚੈੱਕ; 25 ਹਜ਼ਾਰ ਰੁਪਏ ਦੀ ਰਾਸ਼ੀ ਅੰਤਿਮ ਸਸਕਾਰ ਲਈ ਕੀਤੀ ਭੇਟ
- 67 Views
- kakkar.news
- September 10, 2025
- Punjab
ਵਿਧਾਇਕ ਰਣਬੀਰ ਭੁੱਲਰ ਨੇ ਮ੍ਰਿਤਕ ਬਾਬੂ ਸਿੰਘ ਦੇ ਪਰਿਵਾਰ ਨੂੰ ਸੌਂਪਿਆ 4 ਲੱਖ ਰੁਪਏ ਸਹਾਇਤਾ ਰਾਸ਼ੀ ਦਾ ਚੈੱਕ; 25 ਹਜ਼ਾਰ ਰੁਪਏ ਦੀ ਰਾਸ਼ੀ ਅੰਤਿਮ ਸਸਕਾਰ ਲਈ ਕੀਤੀ ਭੇਟ
ਫਿਰੋਜ਼ਪੁਰ 10 ਸਤੰਬਰ 2025 (ਸਿਟੀਜ਼ਨਜ਼ ਵੋਇਸ)
ਫ਼ਿਰੋਜ਼ਪੁਰ ਦੇ ਪਿੰਡ ਟੱਲੀ ਗੁਲਾਮ ਦੇ ਰਹਿਣ ਵਾਲੇ ਬਾਬੂ ਸਿੰਘ ਪੁੱਤਰ ਦਿਆਲ ਸਿੰਘ ਦੀ ਹੜ੍ਹ ਦੇ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ। ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਬਾਬੂ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਆਰਥਿਕ ਮਦਦ ਵਜੋਂ ਪਰਿਵਾਰ ਨੂੰ 4 ਲੱਖ ਰੁਪਏ ਸਹਾਇਤਾ ਰਾਸ਼ੀ ਦਾ ਚੈੱਕ ਭੇਟ ਕੀਤਾ। ਇਸ ਤੋਂ ਇਲਾਵਾ 25 ਹਜ਼ਾਰ ਰੁਪਏ ਦੀ ਰਾਸ਼ੀ ਮ੍ਰਿਤਕ ਦੇ ਅੰਤਿਮ ਸਸਕਾਰ ਲਈ ਭੇਟ ਕੀਤੀ। ਇਸ ਮੌਕੇ ਉਨ੍ਹਾਂ ਨਾਲ ਦਿੱਲੀ ਦੇ ਸਾਬਕਾ ਕੈਬਨਿਟ ਮੰਤਰੀ ਸੋਮਨਾਥ ਭਾਰਤੀ ਵੀ ਹਾਜ਼ਰ ਸਨ।
ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਬਾਬੂ ਸਿੰਘ ਮਿਹਨਤ ਮਜ਼ਦੂਰੀ ਕਰਦਾ ਸੀ। ਹੜ੍ਹ ਦੇ ਪਾਣੀ ਵਿੱਚ ਡੁੱਬ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਉਸ ਦੀ ਬਜ਼ੁਰਗ ਮਾਤਾ, ਪਤਨੀ, ਇਕ ਪੁੱਤਰ ਅਤੇ ਇਕ ਧੀ ਛੱਡ ਗਿਆ ਹੈ। ਉਹਨਾਂ ਕਿਹਾ ਕਿ ਪਰਿਵਾਰ ਨੂੰ ਪਿਆ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ, ਪਰੰਤੂ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਦੁਖੀ ਪਰਿਵਾਰ ਦੇ ਨਾਲ ਹਮਦਰਦੀ ਰਖਦੀ ਹੈ ਅਤੇ ਉਨ੍ਹਾਂ ਦੀ ਆਰਥਿਕ ਮਦਦ ਲਈ ਉਹਨਾਂ ਨੂੰ 4 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਖੜੇ ਹਨ। ਉਨ੍ਹਾਂ ਵਾਹਿਗੁਰੂ ਅੱਗੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।


