ਸਪੀਕਰ ਸ. ਸੰਧਵਾਂ ਨੇ ਅਧਿਕਾਰੀਆਂ ਨੂੰ ਸਰਕਾਰੀ ਸੇਵਾਵਾਂ ਸਮਾਂਬੱਧ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ
- 94 Views
- kakkar.news
- October 13, 2022
- Politics Punjab
ਸਪੀਕਰ ਸ. ਸੰਧਵਾਂ ਨੇ ਅਧਿਕਾਰੀਆਂ ਨੂੰ ਸਰਕਾਰੀ ਸੇਵਾਵਾਂ ਸਮਾਂਬੱਧ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ
ਫਿਰੋਜ਼ਪੁਰ 13 ਅਕਤੂਬਰ (ਅਨੁਜ ਕੱਕੜ ਟੀਨੂੰ)
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਆਪਣੀ ਫਿਰੋਜ਼ਪੁਰ ਫੇਰੀ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਤੋਂ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਰਜਨੀਸ਼ ਦਹੀਆ ਵੱਲੋਂ ਵੀ ਸਪੀਕਰ ਸ. ਸੰਧਵਾਂ ਦਾ ਫਿਰੋਜ਼ਪੁਰ ਪਹੁੰਚਣ ‘ਤੇ ਸਵਾਗਤ ਕੀਤਾ ਗਿਆ।
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਡਿਪਟੀ ਕਮਿਸ਼ਨਰ ਮੈਡਮ ਅਮ੍ਰਿਤ ਸਿੰਘ, ਐਸ.ਐਸ.ਪੀ. ਸ੍ਰੀ ਸੁਰਿੰਦਰ ਲਾਂਬਾ, ਵਧੀਕ ਡਿਪਟੀ ਕਮਿਸ਼ਨਰ (ਜ) ਸਾਗਰ ਸੇਤੀਆ ਆਦਿ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸਰਕਾਰੀ ਦਫਤਰਾਂ ਵਿੱਚ ਕੰਮਕਾਰ ਲਈ ਆਉਣ ਵਾਲੇ ਲੋਕਾਂ ਦੇ ਕੰਮ ਤਰਜੀਹੀ ਆਧਾਰ ਤੇ ਕਰਨ ਲਈ ਕਿਹਾ।
ਇਸ ਮੌਕੇ ਪੁਲੀਸ ਦੀ ਟੁਕੜੀ ਵੱਲੋਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੂੰ ਗਾਡ ਆਫ ਆਨਰ ਵੀ ਦਿੱਤਾ ਗਿਆ। ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਅਧਿਕਾਰੀਆਂ ਨੇ ਸਪੀਕਰ ਸ. ਸੰਧਵਾਂ ਨੁੰ ਜ਼ਿਲ੍ਹੇ ਦੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਵਿਚ ਆਮ ਲੋਕਾਂ ਦੀ ਸਰਕਾਰ ਬਣੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਆਸਾਂ, ਉਮੀਦਾਂ ‘ਤੇ ਖਰਾ ਉਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਆਮ ਲੋਕਾਂ ਨੂੰ ਰਾਜ ਸਰਕਾਰ ਦੀਆਂ ਭਲਾਈ ਸਕੀਮਾਂ ਸਮਾਂਬੱਧ ਤੇ ਪਾਰਦਰਸ਼ੀ ਤਰੀਕੇ ਨਾਲ ਮੁਹੱਈਆ ਕਰਵਾਉਣਾ ਹਰੇਕ ਅਧਿਕਾਰੀ/ਕਰਮਚਾਰੀ ਦਾ ਫਰਜ਼ ਹੈ ਅਤੇ ਕਿਸੇ ਵੀ ਸਰਕਾਰੀ ਵਿਭਾਗ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਰਾਜ ਸਰਕਾਰ ਦੀਆਂ ਭਲਾਈ ਸਕੀਮਾਂ/ਯੋਜਨਾਵਾਂ ਅਤੇ ਵਿਕਾਸ ਕਾਰਜਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਹੋਰ ਸਖਤ ਮਿਹਨਤ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ਦੀ ਸਰਕਾਰ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਸਗੋਂ ਉਨ੍ਹਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਸਾਫ-ਸੁਥਰਾ ਤੇ ਪਾਰਦਰਸ਼ੀ ਪ੍ਰਸ਼ਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਰਾਜ ਦੇ ਨਾਗਰਿਕਾਂ ਨੂੰ ਸੇਧ, ਸਿੱਖਿਆ, ਰੋਜ਼ਮਰਾਂ ਦੇ ਕੰਮਾਂ ਸਬੰਧੀ ਸੇਵਾਵਾਂ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਇਸ ਮੌਕੇ ਡਿਪਟੀ ਕਮਿਸ਼ਨਰ ਤੋਂ ਇਲਾਵਾ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਤੇ ਰਜਨੀਸ਼ ਦਹੀਆ ਨਾਲ ਗੱਲਬਾਤ ਦੌਰਾਨ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ, ਯੋਜਨਾਵਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ਫੈਕਟਰੀ ਦੇ ਮੌਜੂਦਾ ਹਾਲਾਤਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਮੁਲਾਜ਼ਮ ਆਗੂਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਸਪੀਕਰ ਸ. ਸੰਧਵਾਂ ਨੂੰ ਮੰਗ ਪੱਤਰ ਦਿੱਤਾ ਤੇ ਇਸ ਦੇ ਹੱਲ ਦੀ ਅਪੀਲ ਕੀਤੀ। ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਮੁਲਾਜ਼ਮਾਂ ਸਮੇਤ ਸਾਰੇ ਵਰਗਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਦਿਨ-ਰਾਤ ਕੰਮ ਕਰ ਰਹੇ ਹਨ ਤੇ ਮੁਲਾਜ਼ਮਾਂ ਦੀਆਂ ਰਹਿੰਦੀਆਂ ਮੰਗਾਂ ਦਾ ਸਾਰਥਕ ਹੱਲ ਵੀ ਮੁੱਖ ਮੰਤਰੀ ਜੀ ਵੱਲੋਂ ਜਲਦੀ ਹੀ ਕੱਢਿਆ ਜਾਵੇਗਾ।
ਇਸ ਉਪਰੰਤ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਸ੍ਰੀ ਰਜਨੀਸ਼ ਦਹੀਆ ਅਤੇ ਸ. ਰਣਬੀਰ ਸਿੰਘ ਭੁੱਲਰ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਪੁਰੀ, ਅਰਮਾਨਪੁਰਾ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਹੋਈ ਅਰਦਾਸ ਵਿੱਚ ਸ਼ਾਮਲ ਹੋਏ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024