ਧੂੰਏ ਦੀ ਚਾਦਰ ਹੇਠ ਦਬਿਆ ਸ਼ਹਿਰ, ਰਹਿਵਾਸੀਆਂ ਨੇ ਕੀਤੀ ਕਾਰਵਾਈ ਦੀ ਮੰਗ,
- 408 Views
- kakkar.news
- November 24, 2025
- Punjab
ਧੂੰਏ ਦੀ ਚਾਦਰ ਹੇਠ ਦਬਿਆ ਸ਼ਹਿਰ, ਰਹਿਵਾਸੀਆਂ ਨੇ ਕੀਤੀ ਕਾਰਵਾਈ ਦੀ ਮੰਗ,
ਫਿਰੋਜ਼ਪੁਰ, 24 ਨਵੰਬਰ 2025 (ਅਨੁਜ ਕੱਕੜ ਟੀਨੂੰ)
ਵਾਇਰਲ ਹੋ ਰਹੀਆਂ ਇਹ ਤਸਵੀਰਾਂ ਨਾ ਤਾਂ ਬੱਦਲਾਂ ਦੇ ਸ਼ਹਿਰ ‘ਚ ਉਤਰਣ ਦੀਆਂ ਹਨ ਅਤੇ ਨਾ ਹੀ ਕਿਸੇ ਹਿੱਲ ਸਟੇਸ਼ਨ ਦੇ ਨਜ਼ਾਰੇ ਹਨ—ਇਹ ਤਸਵੀਰਾਂ ਫਿਰੋਜ਼ਪੁਰ ਦੀਆਂ ਹਨ। ਜੋ ਬੱਦਲ ਵਾਂਗ ਨਜ਼ਰ ਆ ਰਿਹਾ ਹੈ, ਉਹ ਦਰਅਸਲ ਰਾਤ ਦੇ ਸਮੇਂ ਦਸਹਿਰਾ ਗ੍ਰਾਊਂਡ ‘ਚ ਅਣਪਛਾਤੇ ਲੋਕਾਂ ਦੁਆਰਾ ਸਾੜੇ ਜਾ ਰਹੇ ਕੂੜੇ ਤੋਂ ਉੱਠਣ ਵਾਲਾ ਘਣਾ ਧੂੰਆ ਹੈ।
ਰਹਿਵਾਸੀਆਂ ਦੇ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਕੁਝ ਅਣਪਛਾਤੇ ਲੋਕ ਇਸ ਥਾਂ ‘ਤੇ ਇਕੱਠਾ ਕੀਤਾ ਕੂੜਾ ਰਾਤ ਦੇ ਸਮੇਂ ਵਾਰ-ਵਾਰ ਸਾੜ ਰਹੇ ਹਨ। ਭਾਵੇਂ ਪ੍ਰਸ਼ਾਸਨ ਨੂੰ ਕਈ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ, ਪਰ ਹਾਲੇ ਤੱਕ ਕੋਈ ਪੱਕੀ ਕਾਰਵਾਈ ਨਹੀਂ ਹੋਈ।
ਇਸ ਧੂੰਏ ਕਾਰਨ ਨੇੜਲੇ ਇਲਾਕਿਆਂ ਦੇ ਲੋਕਾਂ ਦਾ ਜੀਣਾ ਦੁਸ਼ਵਾਰ ਹੋ ਗਿਆ ਹੈ। ਦਸਹਿਰਾ ਗ੍ਰਾਊਂਡ ਦੇ ਇਲਾਵਾ ਬਸਤੀ ਸ਼ੇਖ ਵਾਲੀ, ਪਿੱਛਲਾ ਕੀਰਤੀ ਨਗਰ, ਗੁਰੂ ਰਾਮ ਦਾਸ ਨਗਰ ਤੇ ਹੋਰ ਕਈ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਰਹਿਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਇਹ ਅੱਗਾਂ ਰਾਤ ਦੇ ਸਮੇਂ ਜਾਣ-ਬੁੱਝ ਕੇ ਇਸ ਲਈ ਲਗਾਈਆਂ ਜਾਂਦੀਆਂ ਹਨ ਤਾਂ ਜੋ ਇਸ ਥਾਂ ਹੋ ਰਹੀਆਂ ਗੈਰਕਾਨੂੰਨੀ ਗਤੀਵਿਧੀਆਂ, ਜਿਸ ਵਿੱਚ ਗੈਰ-ਅਧਿਕ੍ਰਿਤ ਖਦਾਨੀ ਵੀ ਸ਼ਾਮਲ ਹੈ, ਨੂੰ ਢੱਕਿਆ ਜਾ ਸਕੇ ਅਤੇ ਨਸ਼ੇੜੀਆਂ ਵੱਲੋ ਵੀ ਨਸ਼ੇ ਦੀ ਵਰਤੋਂ ਲਾਇ ਇਸ ਜਗ੍ਹਾ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਸੰਬੰਧੀ ਕਈ ਵਾਰ ਫਿਰੋਜ਼ਪੁਰ ਨਗਰ ਕੌਂਸਲ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ।
ਇਲਾਕਾ ਨਿਵਾਸੀ ਸੁਸ਼ੀਲ ਮੋਂਗਾ ,ਗੁਰਦੀਪ ਸਿੰਘ , ਅਸ਼ੋਕ ਕੁਮਾਰ , ਰਾਜੀਵ ਮੋਂਗਾ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਹਾਲਾਤ ਬਦਤਰ ਹੋ ਚੁੱਕੇ ਹਨ,ਓਹਨਾ ਦੱਸਿਆ ਕਿ ਪਹਿਲਾ ਵੀ ਇਸ ਮਸਲੇ ਦੀ ਸ਼ਿਕਾਇਤ C M ਪੋਰਟਲ ਤੇ ਕੀਤੀ ਗਈ ਹੈ ਪਰ ਪ੍ਰਸ਼ਾਂਸਨ ਕੁੰਭਕਰਨੀ ਨੀਂਦ ਸੁਤਾ ਪਿਆ ਹੈ,। “ਇਸ ਜ਼ਹਿਰੀਲੇ ਧੂੰਏ ‘ਚ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਹ ਬਜ਼ੁਰਗਾਂ, ਬੱਚਿਆਂ ਤੇ ਦਮਾ ਪੀੜਤਾਂ ਲਈ ਬਹੁਤ ਖ਼ਤਰਨਾਕ ਹੈ। ਘਰਾਂ ਦੇ ਅੰਦਰ ਵੀ ਸਾਹ ਲੈਣਾ ਔਖਾ ਹੋ ਗਿਆ ਹੈ,” ਉਸਨੇ ਕਿਹਾ।
ਨਾਗਰਿਕਾਂ ਨੂੰ ਸਖ਼ਤ ਅਪੀਲ ਕੀਤੀ ਜਾਂਦੀ ਹੈ ਕਿ ਕੂੜਾ-ਕਰਕਟ, ਪਰਾਲੀ, ਪਲਾਸਟਿਕ ਜਾਂ ਕਿਸੇ ਵੀ ਪ੍ਰਕਾਰ ਦਾ ਵੈਸਟ ਮਾਲ ਸਾੜਣ ਤੋਂ ਬਚਿਆ ਜਾਵੇ, ਕਿਉਂਕਿ ਇਸ ਨਾਲ ਗੰਭੀਰ ਹਵਾ ਪ੍ਰਦੂਸ਼ਣ ਹੁੰਦਾ ਹੈ। ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਖਿੜਕੀਆਂ ਬੰਦ ਰੱਖਣ, ਬਾਹਰ ਨਿਕਲਣ ਸਮੇਂ ਮਾਸਕ ਵਰਤਣ ਅਤੇ ਸਾਹ ਲੈਣ ਵਿੱਚ ਦਿੱਕਤ ਹੋਣ ‘ਤੇ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਸ਼ਹਿਰ ਵਾਸੀਆਂ ਲਈ ਸਾਫ਼ ਤੇ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਇਆ ਜਾਵੇ।
