ਡੈਮੋਕ੍ਰੇਟਿਕ ਟੀਚਰਜ਼ ਫਰੰਟ ਦਾ ਵੱਡਾ ਜਥਾ ਨਿਤਰਿਆ ਜ਼ੀਰਾ ਸੰਘਰਸ਼ ਚ ਕਾਰਪੋਰੇਟਿਕਰਨ ਸਰਕਾਰਾਂ ਦੀ ਸ਼ਹਿ ਤੇ ਚੱਲ ਰਹੀ ਹੈ ਸ਼ਰਾਬ ਫੈਕਟਰੀ: ਦਿਗਵਿਜੈ ਪਾਲ ਸ਼ਰਮਾ
- 72 Views
- kakkar.news
- December 26, 2022
- Education Punjab
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦਾ ਵੱਡਾ ਜਥਾ ਨਿਤਰਿਆ ਜ਼ੀਰਾ ਸੰਘਰਸ਼ ਚ
ਕਾਰਪੋਰੇਟਿਕਰਨ ਸਰਕਾਰਾਂ ਦੀ ਸ਼ਹਿ ਤੇ ਚੱਲ ਰਹੀ ਹੈ ਸ਼ਰਾਬ ਫੈਕਟਰੀ: ਦਿਗਵਿਜੈ ਪਾਲ ਸ਼ਰਮਾ
ਫਿਰੋਜ਼ਪੁਰ : 26ਦਸੰਬਰ 2022 (ਸੁਭਾਸ਼ ਕੱਕੜ)
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ ਦੀ ਅਗਵਾਈ ਵਿੱਚ ਜ਼ੀਰਾ ਮੋਰਚੇ ਵਿੱਚ ਵੱਡੇ ਜਥੇ ਦੇ ਰੂਪ ਵਿੱਚ ਪਹੁੰਚਿਆ।ਇਸ ਮੌਕੇ ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਪ੍ਰਬੰਧ ਕਾਰਪੋਰੇਟਾਂ ਰਾਹੀਂ ਚਲਾਇਆ ਜਾ ਰਿਹਾ ਹੈ ਅਤੇ ਸਰਕਾਰਾਂ ਇਹਨਾਂ ਦੀਆਂ ਦਲਾਲ ਬਣ ਕੇ ਪ੍ਰਬੰਧ ਚਲਾ ਰਹੀਆਂ ਹਨ। ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਖੇਮੂਆਨਾ ਨੇ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਵਿਖੇ ਸ਼ਰਾਬ ਫੈਕਟਰੀ ਵੱਲੋਂ ਧਰਤੀ ਹੇਠਲੇ ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਕੀਤੇ ਜਾਣ ਖ਼ਿਲਾਫ਼ ਪੀੜਿਤ ਲੋਕਾਂ ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਿਆ ਹੋਇਆ ਹੈ ਅਤੇ ਜੀਰਾ ਪੁਲਿਸ ਵੱਲੋਂ ਪੰਜਾਬ ਸਰਕਾਰ ਦੀ ਸ਼ਹਿ ‘ਤੇ ਅਦਾਲਤੀ ਫੈਸਲੇ ਦੇ ਬਹਾਨੇ ਹੇਠ ਸੰਘਰਸ਼ ਕਰ ਰਹੇ ਲੋਕਾਂ ‘ਤੇ ਜਬਰ ਢਾਹਿਆ ਜਾ ਰਿਹਾ ਹੈ। ਇਸਤੋਂ ਇਹ ਸਪਸ਼ੱਟ ਹੈ ਕਿ ਇਹ ਸਰਕਾਰਾਂ ਜੋਕਾਂ ਦੀਆਂ ਹਨ ਲੋਕਾਂ ਦੀਆਂ ਨਹੀਂ। ਲੋਕ ਮੋਰਚਾ ਪੰਜਾਬ ਦੇ ਆਗੂ ਜਗਮੇਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰਾਂ ਬਦਲਣ ਨਾਲ ਕੁੱਝ ਨਹੀਂ ਹੋਣਾ, ਸਮੁੱਚਾ ਪ੍ਰਬੰਧ ਬਦਲਣ ਦੀ ਲੋੜ ਹੈ। ਡੀ ਟੀ ਐੱਫ ਫਿਰੋਜ਼ਪੁਰ ਦੇ ਸਕੱਤਰ ਰਾਜਦੀਪ ਸਾਈਆਂ ਵਾਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਵੱਡੇ ਕਾਫਲੇ ਲੈ ਕੇ ਇਸ ਸੰਘਰਸ਼ ਵਿੱਚ ਆਪਣੀ ਜੰਗ ਜਾਰੀ ਰੱਖੇਗੀ।
ਦੀਦਾਰ ਸਿੰਘ ਮੁੱਦਕੀ ਨੇ ਪੰਜਾਬ ਸਰਕਾਰ ਦੀ ਉਕਤ ਘਿਨਾਉਣੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ । ਉਨਾਂ ਕਿਹਾ ਕਿ ਪੰਜਾਬ ਸਰਕਾਰ ਧੱਕੇਸ਼ਾਹੀ ਦੀਆਂ ਹੱਦਾਂ ਪਾਰ ਕਰ ਰਹੀ ਹੈ, ਵੱਡੀ ਪੱਧਰ ‘ਤੇ ਪਾਣੀ, ਹਵਾ ਪ੍ਰਦੂਸ਼ਿਤ ਕਰ ਰਹੀ ਸ਼ਰਾਬ ਫੈਕਟਰੀ ਦੇ ਮਾਲਕਾਂ ‘ਤੇ ਕਾਰਵਾਈ ਕਰਨ ਤੇ ਫੈਕਟਰੀ ਬੰਦ ਕਰਨ ਦੀ ਬਜਾਏ ਨਿੱਜੀਕਰਨ ਦੀ ਨੀਤੀ ਨੂੰ ਬੜਾਵਾ ਦਿੰਦੇ ਹੋਏ ਸੰਘਰਸ਼ ਕਰ ਰਹੇ ਲੋਕਾਂ ‘ਤੇ ਲਾਠੀਚਾਰਜ ਕਰ ਰਹੀ ਹੈ, ਨਜਾਇਜ਼ ਗ੍ਰਿਫਤਾਰੀਆਂ ਕਰ ਰਹੀ ਹੈ। ਸਰਕਾਰ ਨੇ ਆਪਣੀਆਂ ਜ਼ਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਲੋਕਾਂ ਉੱਪਰ ਅੰਨ੍ਹਾ ਜਬਰ ਕਰਕੇ ਆਪਣਾ ਲੋਕ-ਦੋਖੀ ਚਿਹਰਾ ਸਪੱਸ਼ਟ ਕਰ ਦਿੱਤਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸੰਘਰਸ਼ੀਲ ਲੋਕਾਂ ਤੇ ਨੰਗਾ-ਚਿੱਟਾ ਪੁਲਸੀਆ ਕਹਿਰ ਢਾਹ ਕੇ ਅਕਾਲੀ-ਭਾਜਪਾ ਤੇ ਕਾਂਗਰਸੀ ਸਰਕਾਰਾਂ ਵਾਲੇ ਰਾਹ ਪੈ ਗਈ ਹੈ। ਮੌਜੂਦਾ ਸਰਕਾਰ ਵੀ ‘ਕਾਰਪੋਰੇਟ ਵਿਕਾਸ ਮਾਡਲ’ ਨੂੰ ਸੂਬੇ ਦੇ ਲੋਕਾਂ ਸਿਰ ਮੜ੍ਹਨਾ ਜਾਰੀ ਰੱਖ ਕੇ ਧਨਾਢ ਸਨਅਤਕਾਰਾਂ ਦੇ ਬੋਲ ਪੁਗਾ ਰਹੀ ਹੈ ਅਤੇ ਦੇਸੀ-ਵਿਦੇਸ਼ੀ ਧਨ ਲੁਟੇਰਿਆਂ ਨੂੰ ਲੋਕਾਂ ਦੇ ਹੱਕਾਂ ਉੱਤੇ ਡਾਕੇ ਮਾਰਨ ਦੀ ਖੁੱਲ੍ਹ ਵੀ ਦੇ ਰਹੀ ਹੈ ਅਤੇ ਉਹਨਾਂ ਦੀ ਪੁਸ਼ਤ-ਪਨਾਹੀ ਵੀ ਕਰ ਰਹੀ ਹੈ l ਇਸ ਮੌਕੇ ਲਖਵੀਰ ਸਿੰਘ ਹਰੀਕੇ,ਸੁਖਪਾਲਜੀਤ ਮੋਗਾ,ਜਸਵਿੰਦਰ ਬਠਿੰਡਾ,ਸੁਖਵਿੰਦਰ ਸੁੱਖੀ ਫਰੀਦਕੋਟ,ਗਗਨ ਪਾਹਵਾ,ਜਗਵੀਰਨ ਕੌਰ,ਮਧੂ, ਨਤਾਸ਼ਾ ਕੌਸ਼ਲ,ਮਮਤਾ ਕੌਸ਼ਲ,ਹਰਪਿੰਦਰ ਢਿੱਲੋਂ,ਸੁਖਵਿੰਦਰ ਘੋਲੀਆ, ਗਗਨਦੀਪ ਸਿੰਘ, ਯੁੱਧਜੀਤ ਸਰਾਂ,ਗੁਰਪ੍ਰੀਤ ਮੱਲੋਕੇ,ਚੰਦਨ,ਅਜੇ ਜ਼ੀਰਾ,ਰਮਾਂ ਕਾਂਤ,ਅਵਤਾਰ ਪੁਰੀ,ਯੋਗੇਸ਼ ਨਈਅਰ,ਹਿਰਦੇ ਨੰਦ,ਪ੍ਰਦੀਪ,ਸੰਤੋਖ ਸਿੰਘ ਆਦਿ ਆਗੂ ਹਾਜ਼ਰ ਸਨ।
ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਇਸ ਜਬਰ ਖਿਲਾਫ਼ ਸੰਘਰਸ਼ ਦੇ ਰਾਹ ਪਈਆਂ ਸੰਘਰਸ਼ਸ਼ੀਲ ਅਤੇ ਜਨਤਕ ਜਥੇਬੰਦੀਆਂ ਦਾ ਡੱਟਵਾਂ ਸਾਥ ਦਿੱਤਾ ਜਾਵੇ ਤਾਂ ਕਿ ਸੰਘਰਸ਼ ਦੇ ਬਲ ‘ਤੇ ਸਰਕਾਰੀ ਜਬਰ ਦਾ ਮੂੰਹ ਮੋੜਿਆ ਜਾ ਸਕੇ। ਉਨਾਂ ਉਕਤ ਮਾਮਲੇ ਦੀ ਤਫਸੀਲ ਦਿੰਦਿਆ ਕਿਹਾ ਕਿ ਇਹ ਸ਼ਰਾਬ ਫੈਕਟਰੀ ਆਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੀ ਹੈ ਅਤੇ ਇਸ ਫੈਕਟਰੀ ਦੇ ਗੰਦੇ ਪਾਣੀ ਅਤੇ ਹੋਰ ਰਹਿੰਦ-ਖੂਹੰਦ ਨੂੰ ਜਮੀਨਦੋਜ਼ ਬੋਰ ਕਰਕੇ ਧਰਤੀ ਹੇਠ ਪਾਇਆ ਜਾ ਰਿਹਾ ਹੈ ਜਿਸ ਨਾਲ ਧਰਤੀ ਹੇਠਲਾ ਪਾਣੀ ਮਨੁੱਖਾਂ ਲਈ ਤੇ ਪਸ਼ੂ-ਪੰਛੀਆਂ ਦੇ ਲਈ ਜ਼ਹਿਰੀਲਾ ਹੋ ਚੁੱਕਾ ਹੈ। ਫੈਕਟਰੀ ਦੇ ਨੇੜਲੇ ਇਲਾਕਿਆਂ ਵਿੱਚ ਚਲਦੇ ਟਿਊਬਵੈਲਾਂ ਰਾਹੀਂ ਗੰਦਾ ਪ੍ਰਦੂਸ਼ਿਤ ਪਾਣੀ ਨਿਕਲ ਰਿਹਾ ਹੈ ਜਿਸ ਨਾਲ ਬਿਮਾਰੀਆਂ ਦੇ ਪ੍ਰਕੋਪ ਵਧਣ ਦਾ ਖਦਸ਼ਾ ਵਧਦਾ ਜਾ ਰਿਹਾ ਹੈ। ਫੈਕਟਰੀ ਦੇ ਧੂੰਏਂ ਨਾਲ ਹਵਾ ਵੀ ਪ੍ਰਦੂਸ਼ਿਤ ਹੋ ਰਹੀ ਹੈ। ਪੰਜਾਬ ਸਰਕਾਰ ਅਤੇ ਅਧਿਕਾਰੀ ਇਸ ਧਨਾਢ ਫੈਕਟਰੀ ਮਾਲਕ ਨੂੰ ਇਹ ਸਭ ਮਨਮਾਨੀਆਂ ਕਰਨ ਅਤੇ ਵਾਤਾਵਰਨ ਦੀ ਬਰਬਾਦੀ ਕਰਨ ਦੀ ਖੁੱਲ੍ਹ ਹੀ ਨਹੀਂ ਦੇ ਰਹੇ ਸਗੋਂ ਵੀਹ ਕਰੋੜ ਰੁਪਏ ਮੁਆਵਜ਼ੇ ਵਜੋਂ ਸਰਕਾਰੀ ਖਜ਼ਾਨੇ ਵਿੱਚੋਂ ਅਦਾ ਕਰ ਚੁੱਕੇ ਹਨ। ਹੋਰ ਤਾਂ ਹੋਰ ਸਰਕਾਰ ਵੱਲੋਂ ਇਸ ਸ਼ਰਾਬ ਫੈਕਟਰੀ ਨੂੰ ਹੋਰ ਵੱਡੀ ਕਰਨ ਲਈ ਲਾਈਸੈਂਸ ਦਿੱਤਾ ਗਿਆ ਹੈ ਤਾਂ ਕਿ ਫੈਕਟਰੀ ਮਾਲਕ ਵੱਲੋਂ ਆਪਣੀ ਲੁੱਟ ਨੂੰ ਹੋਰ ਤੇਜ਼ ਕੀਤਾ ਜਾ ਸਕੇ।
ਮੰਗ ਕੀਤੀ ਹੈ ਕਿ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਸੰਘਰਸ਼ ਆਗੂਆਂ ਨੇ ਕਿਹਾ ਕਿ ਸੰਘਰਸ਼ ਕਰ ਰਹੇ ਲੋਕਾਂ ਉੱਪਰ ਝੂਠੇ ਪਰਚੇ ਪਾ ਕੇ ਗ੍ਰਿਫਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਇਸ ਫੈਕਟਰੀ ਸਮੇਤ ਹਵਾ-ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਹੋਰ ਸਾਰੀਆਂ ਫੈਕਟਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ, ਪ੍ਰਦੂਸ਼ਣ ਮੁਕਤ ਤੇ ਰੁਜ਼ਗਾਰ-ਮੁਖੀ ਸਨਅਤਾਂ ਸਰਕਾਰੀ ਖੇਤਰ ਵਿੱਚ ਲਾਈਆਂ ਜਾਣ, ਲੋਕ-ਦੋਖੀ ਵਿਕਾਸ ਮਾਡਲ ਦਾ ਰਾਹ ਰੱਦ ਕਰਕੇ ਲੋਕ ਪੱਖੀ ਹਕੀਕੀ ਵਿਕਾਸ ਮਾਡਲ ਨੂੰ ਹੁਲਾਰਾ ਦਿੰਦੀਆਂ ਨੀਤੀਆਂ ਤੇ ਕਨੂੰਨ ਬਣਾਏ ਜਾਣ, ਰੋਸ ਪ੍ਰਗਟਾਉਣ ਦੇ ਜਮਹੂਰੀ ਹੱਕ ਨੂੰ ਕੁਚਲਣ ਵਾਲੇ ਜਾਬਰ ਪੁਲਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
- November 22, 2024
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024