ਝੋਨੇ ਦੀ ਲਿਫਟਿੰਗ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਵੱਲੋਂ ਬੀ.ਜੇ.ਪੀ. ਦਫ਼ਤਰ ਦਾ ਘਿਰਾਓ
- 190 Views
- kakkar.news
- October 30, 2024
- Agriculture Politics Punjab
ਝੋਨੇ ਦੀ ਲਿਫਟਿੰਗ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਵੱਲੋਂ ਬੀ.ਜੇ.ਪੀ. ਦਫ਼ਤਰ ਦਾ ਘਿਰਾਓ
ਕੇਂਦਰ ਸਰਕਾਰ ਕਿਸਾਨ ਤੇ ਪੰਜਾਬ ਵਿਰੋਧੀ ਰਣਨੀਤੀਆਂ ਤਹਿਤ ਝੋਨੇ ਦੀ ਲਿਫਟਿੰਗ ਵਿਚ ਅੜਿੱਕਾ ਡਾਹ ਰਹੀ : ਭੁੱਲਰ
ਫ਼ਿਰੋਜ਼ਪੁਰ, 30 ਅਕਤੂਬਰ 2024 (ਅਨੁਜ ਕੱਕੜ ਟੀਨੂੰ )
ਰਾਜ ਵਿੱਚ ਝੋਨੇ ਦੀ ਲਿਫਟਿੰਗ ’ਚ ਅੜਿੱਕੇ ਦੂਰ ਕਰਵਾਉਣ ਅਤੇ ਪੰਜਾਬ ਦੇ ਕਿਸਾਨਾਂ, ਆੜਤੀਆਂ ਅਤੇ ਰਾਇਸ ਮਿੱਲਰਾਂ ਦੀ ਕੀਤੀ ਜਾ ਰਹੀ ਬੇਕਦਰੀ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਬੱਤਰਾ ਥਿਏਟਰ, ਸੈਕਟਰ 37, ਚੰਡੀਗੜ੍ਹ ਵਿਖੇ ਬੀਜੇਪੀ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਦਿੱਤਾ ਗਿਆ। ਇਸ ਮੌਕੇ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਸਮੇਤ ਹੋਰ ਪਾਰਟੀ ਆਗੂ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਲੰਟੀਅਰਜ਼ /ਵਰਕਰ ਹਾਜ਼ਰ ਸਨ।
ਇਸ ਦੌਰਾਨ ਸੰਬੋਧਨ ਕਰਦਿਆਂ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਕਿਸਾਨ ਤੇ ਪੰਜਾਬ ਵਿਰੋਧੀ ਰਣਨੀਤੀਆਂ ਤਹਿਤ ਰਾਜ ਵਿਚੋਂ ਝੋਨੇ ਦੀ ਲਿਫਟਿੰਗ ਵਿਚ ਅੜਿੱਕਾ ਡਾਹ ਰਹੀ ਹੈ ਜਿਸ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਰੁਲ ਰਹੀ ਹੈ। ਉਨ੍ਹਾਂ ਕਿਹਾ ਇਹ ਸਾਰਾ ਕੁਝ ਨਵੀਆਂ ਆਰਥਿਕ ਨੀਤੀਆਂ ਤਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਫਸਲਾਂ ਦੀ ਖਰੀਦ ਬੰਦ ਕੀਤੀ ਜਾ ਸਕੇ ਅਤੇ ਕਿਸਾਨ ਆਪਣੀ ਫਸਲ ਪ੍ਰਾਈਵੇਟ ਵਪਾਰੀਆਂ ਨੂੰ ਵੇਚਣ ਲਈ ਮਜ਼ਬੂਰ ਹੋ ਜਾਣ। ਉਨ੍ਹਾਂ ਕਿਹਾ ਮੰਡੀਆਂ ਵਿੱਚ ਬਹੁਤ ਸਾਰੀ ਝੋਨੇ ਦੀ ਫ਼ਸਲ ਦੀ ਖਰੀਦ ਹੋ ਚੁੱਕੀ ਹੈ ਪ੍ਰੰਤੂ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਲਿਫਟਿੰਗ ਨਹੀਂ ਹੋ ਰਹੀ।
ਸ. ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਪੰਜਾਬ ਦੇ ਕਿਸਾਨਾਂ, ਆੜਤੀਆਂ ਅਤੇ ਰਾਇਸ ਮਿੱਲਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਇਨ੍ਹਾਂ ਮਾਰੂ ਨੀਤੀਆਂ ਖਿਲਾਫ਼ ਇਹ ਧਰਨਾ ਦਿੱਤਾ ਗਿਆ ਹੈ ਤਾਂ ਜੋ ਕੇਂਦਰ ਸਰਕਾਰ ਵੱਲੋਂ ਜਲਦ ਤੋਂ ਜਲਦ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿਚੋਂ ਝੋਨਾ ਚੁੱਕਾਇਆ ਜਾਵੇ ਅਤੇ ਸਾਡੇ ਕਿਸਾਨਾਂ, ਆੜਤੀਆਂ ਅਤੇ ਰਾਇਸ ਮਿੱਲਰਾਂ ਦੀ ਖੱਜਲ ਖੁਆਰੀ ਖ਼ਤਮ ਹੋਵੇ।


