ਫਿਰੋਜ਼ਪੁਰ ‘ਚ ਜ਼ਮੀਨੀ ਝਗੜੇ ਨੇ ਧਾਰਿਆ ਖੂਨੀ ਰੂਪ, ਗੋਲੀਬਾਰੀ ‘ਚ ਨੌਜਵਾਨ ਦੀ ਮੌਤ
- 229 Views
- kakkar.news
- May 31, 2025
- Crime Punjab
ਫਿਰੋਜ਼ਪੁਰ ‘ਚ ਜ਼ਮੀਨੀ ਝਗੜੇ ਨੇ ਧਾਰਿਆ ਖੂਨੀ ਰੂਪ, ਗੋਲੀਬਾਰੀ ‘ਚ ਨੌਜਵਾਨ ਦੀ ਮੌਤ
ਫਿਰੋਜ਼ਪੁਰ 31 ਮਈ 2025 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਅਲਫੂ ਕੇ ਵਿਖੇ ਜ਼ਮੀਨੀ ਵਿਵਾਦ ਨੇ ਖੂਨੀ ਰੂਪ ਧਾਰ ਲਿਆ, ਜਿਸ ਦੌਰਾਨ ਹੋਈ ਗੋਲੀਬਾਰੀ ‘ਚ ਇੱਕ 25 ਸਾਲਾ ਨੌਜਵਾਨ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ, ਪਿੰਡ ਵਿੱਚ ਦੋ ਧਿਰਾਂ ਵਿਚਕਾਰ ਪੁਰਾਣੇ ਜ਼ਮੀਨੀ ਝਗੜੇ ਨੂੰ ਲੈ ਕੇ ਵਾਦ-ਵਿਵਾਦ ਹੋਇਆ ਜੋ ਕਿ ਘੰਭੀਰ ਲੜਾਈ ਵਿੱਚ ਬਦਲ ਗਿਆ। ਇਸ ਲੜਾਈ ਦੌਰਾਨ ਗੋਲੀ ਚਲਾਈ ਗਈ ਜਿਸ ਵਿੱਚ ਗੁਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪੋਜੋ ਕੇ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਜ਼ਖਮੀ ਗੁਰਵਿੰਦਰ ਸਿੰਘ ਨੂੰ ਤੁਰੰਤ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਡਾਕਟਰਾਂ ਵੱਲੋਂ ਉਸ ਨੂੰ ਲੁਧਿਆਣੇ ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਲੁਧਿਆਣੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਗੁਰਵਿੰਦਰ ਨੇ ਦਮ ਤੋੜ ਦਿੱਤਾ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਵਿੰਦਰ ਸਿੰਘ ਦੇ ਦਾਦਾ ਮੁਨਸ਼ਾ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਕੱਲ੍ਹ ਸ਼ਾਮ 5:30 ਵਜੇ ਆਪਣੇ ਮੋਟਰਸਾਈਕਲ ਵਿੱਚ ਪੈਟਰੋਲ ਭਰਨ ਲਈ ਘਰੋਂ ਗਿਆ ਸੀ, ਪਰ ਉਹ ਘਟਨਾ ਵਾਲੀ ਜਗ੍ਹਾ ਤੇ ਕਿਵੇਂ ਪਹੁੰਚਿਆ ਇਸ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ । ਦੇਰ ਰਾਤ ਵਾਪਰੀ ਇਸ ਘਟਨਾ ਤੋਂ ਬਾਅਦ ਉਸਨੂੰ ਫ਼ੋਨ ‘ਤੇ ਸੂਚਿਤ ਕੀਤਾ ਗਿਆ ਕਿ ਗੁਰਵਿੰਦਰ ਸਿੰਘ ਨੂੰ ਗੋਲੀ ਲੱਗੀ ਹੈ ਅਤੇ ਉਸਨੂੰ ਫਿਰੋਜ਼ਪੁਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ , ਜਿੱਥੇ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਲੁਧਿਆਣੇ ਰੈਫਰ ਕਰ ਦਿੱਤਾ ਗਿਆ ਅਤੇ ਰਾਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਫਿਲਹਾਲ ਥਾਣਾ ਲੱਖੋ ਕੇ ਦੀ ਪੁਲਿਸ ਨੇ ਲਖਵਿੰਦਰ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਹਰਗੋਬਿੰਦਪੁਰਾ ਦੇ ਬਿਆਨ ‘ਤੇ ਦਰਸ਼ਨ ਸਿੰਘ, ਅਵਤਾਰ ਸਿੰਘ, ਮਨਰਾਜ, ਹਸਨਦੀਪ ਸਿੰਘ, ਨਰਿੰਦਰ ਸਿੰਘ, ਹਰਪ੍ਰੀਤ ਸਿੰਘ ਖਿਲਾਫ਼ ਮੁਕੱਦਮਾ ਨੰਬਰ 43 ਦਰਜ ਕਰ ਲਿਆ ਹੈ।


