ਜ਼ਮੀਨੀ ਝਗੜੇ ਨੇ ਲਿਆ ਖੂਨੀ ਰੂਪ, 17 ਸਾਲਾ ਨੌਜਵਾਨ ਕਰਮਨ ਜੋਤ ਦੀ ਗੋਲੀ ਲੱਗਣ ਕਾਰਨ ਮੌਤ
- 233 Views
- kakkar.news
- June 17, 2025
- Crime Punjab
ਜ਼ਮੀਨੀ ਝਗੜੇ ਨੇ ਲਿਆ ਖੂਨੀ ਰੂਪ, 17 ਸਾਲਾ ਨੌਜਵਾਨ ਕਰਮਨ ਜੋਤ ਦੀ ਗੋਲੀ ਲੱਗਣ ਕਾਰਨ ਮੌਤ
ਫਿਰੋਜ਼ਪੁਰ,/ਜੀਰਾ 17 ਜੂਨ 2025 (ਸਿਟੀਜ਼ਨਜ਼ ਵੋਇਸ)
ਫਿਰੋਜ਼ਪੁਰ ਦੇ ਜੀਰਾ ਇਲਾਕੇ ਦੇ ਪਿੰਡ ਭਾਗੋ ਕੇ ‘ਚ ਜ਼ਮੀਨੀ ਵਿਵਾਦ ਨੇ ਇੱਕ ਭਿਆਨਕ ਮੋੜ ਲੈ ਲਿਆ, ਜਦੋਂ ਝਗੜੇ ਦੌਰਾਨ ਚੱਲੀ ਗੋਲੀ ਕਾਰਨ 17 ਸਾਲਾ ਨੌਜਵਾਨ ਕਰਮਨ ਜੋਤ ਦੀ ਮੌਤ ਹੋ ਗਈ। ਇਹ ਹਦਸਾ ਪਿੰਡ ਵਿਚ ਦਹਿਸ਼ਤ ਦਾ ਕਾਰਨ ਬਣ ਗਿਆ ਹੈ ਅਤੇ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਛਾ ਗਈ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਦੇ ਕੁਝ ਲੋਕ ਤੇਜ਼ਧਾਰ ਹਥਿਆਰਾਂ ਅਤੇ ਅਸਲੇ ਨਾਲ ਲੈਸ ਹੋ ਕੇ ਉਹਨਾਂ ਦੇ ਘਰ ਨੇੜੇ ਬਣੀ ਫਿਰਨੀ ਨੂੰ ਵਾਹ ਕੇ ਆਪਣੇ ਖੇਤਾਂ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਝਗੜਾ ਹੋ ਗਿਆ ਅਤੇ ਉਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ।
ਇਸ ਝੜਪ ਦੌਰਾਨ ਕਰਮਨ ਜੋਤ ਨੂੰ ਛਾਤੀ ਵਿੱਚ ਗੋਲੀ ਲੱਗੀ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਕ ਹੋਰ ਵਿਅਕਤੀ ਨੂੰ ਵੀ ਗੋਲੀ ਲੱਗੀ ਜੋ ਕਿ ਧੋਣ ਨੇੜੇ ਲੱਗਣ ਕਾਰਨ ਬਚ ਗਿਆ, ਜਦਕਿ ਦੋ ਹੋਰ ਵਿਅਕਤੀ ਬੰਦੂਕ ਦੀ ਬੱਟ ਲੱਗਣ ਨਾਲ ਜਖਮੀ ਹੋ ਗਏ। ਜਖਮੀਆਂ ਨੂੰ ਜੀਰਾ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਤੋਂ ਬਾਅਦ ਪਿੰਡ ‘ਚ ਡਰ ਦਾ ਮਾਹੌਲ ਬਣ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਕਾਰਵਾਈ ਜਾਰੀ ਹੈ।


