ਬਸਤੀ ਭੱਟੀਆਂ ਵਾਲੀ ‘ਚ ਗੋਲੀਬਾਰੀ ਦੀ ਘਟਨਾ, ਇਲਾਕੇ ‘ਚ ਦਹਿਸ਼ਤ
- 253 Views
- kakkar.news
- June 17, 2025
- Crime Punjab
ਬਸਤੀ ਭੱਟੀਆਂ ਵਾਲੀ ‘ਚ ਗੋਲੀਬਾਰੀ ਦੀ ਘਟਨਾ, ਇਲਾਕੇ ‘ਚ ਦਹਿਸ਼ਤ
ਫਿਰੋਜ਼ਪੁਰ 17 ਜੂਨ 2025( ਅਨੁਜ ਕੱਕੜ ਟੀਨੂੰ )—
ਫ਼ਿਰੋਜ਼ਪੁਰ ਦੇ ਬਸਤੀ ਭੱਟੀਆਂ ਵਾਲੀ ਇਲਾਕੇ ‘ਚ ਐਕਟੀਵਾ ਮੋੜਨ ਅਤੇ ਇੰਡੀਕੇਟਰ ਨਾ ਦੇਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ ਨੌਜਵਾਨ ਉੱਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਮਲੇ ਦੇ ਮੁੱਖ ਗਵਾਹ ਅੰਸ਼ ਉਰਫ ਬਾਦਲ ਪੁੱਤਰ ਮੂਲ ਚੰਦ ਨੇ ਪੁਲਿਸ ਕੋਲ ਦਰਜ ਕਰਾਏ ਬਿਆਨਾਂ ‘ਚ ਦੱਸਿਆ ਕਿ ਉਹ ਆਪਣੇ ਦੋਸਤ ਆਰਿਅਨ ਉਰਫ ਅਰੁਣ ਦੇ ਨਾਲ ਮੋਟਰਸਾਈਕਲ ‘ਤੇ ਯੂਨੀਅਨ ਤੋਂ ਘਰ ਵਾਪਸ ਆ ਰਿਹਾ ਸੀ। ਜਦ ਉਹ ਗਲੀ ਦੇ ਮੋੜ ਤੇ ਪਹੁੰਚੇ ਤਾਂ ਇੱਕ ਐਕਟੀਵਾ ਸਵਾਰ ਨੇ ਬਿਨਾਂ ਇੰਡੀਕੇਟਰ ਦਿੱਤੇ ਗੱਡੀ ਮੋੜ ਲਈ।
ਜਦ ਅੰਸ਼ ਨੇ ਉਸਨੂੰ ਇਹ ਕਿਹਾ ਕਿ “ਤੂੰ ਇੰਡੀਕੇਟਰ ਤਾਂ ਦੇ ਦਿੰਦਾ”, ਤਾਂ ਐਕਟੀਵਾ ਸਵਾਰ ਨੇ ਜਵਾਬ ਦਿੱਤਾ ਕਿ “ਤੈਨੂੰ ਨਹੀਂ ਪਤਾ ਕਿ ਮੈਂ ਕੌਣ ਹਾਂ, ਮੈਂ ਦੇਵ ਕੰਤੋੜ ਦਾ ਭਰਾ ਹਾਂ।”
ਇਸ ਤੋਂ ਬਾਅਦ ਦੋਹਾਂ ਧਿਰਾਂ ਆਪਣੇ ਘਰ ਚਲੇ ਗਏ। ਕੁਝ ਸਮੇਂ ਬਾਅਦ ਆਰਿਅਨ ਦੇ ਇੰਸਟਾਗ੍ਰਾਮ ‘ਤੇ ਫੋਨ ਆਇਆ, ਜਿਸ ਵਿਚ ਦੇਵ ਕੰਤੋੜ ਪੁੱਤਰ ਸੋਨੂ ਕੰਤੋੜ ਵਲੋਂ ਗਾਲਾਂ ਕੱਢੀਆਂ ਗਈਆਂ।
ਫਿਰ ਜਦ ਅੰਸ਼ ਆਪਣੇ ਘਰ ਤੋਂ ਬਾਹਰ ਆਇਆ, ਤਾਂ ਦੇਵ, ਵੰਸ਼ ਪੁੱਤਰ ਜਗਮੋਹਨ ਅਤੇ ਹੋਰ ਸਾਥੀਆਂ ਵੱਲੋਂ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ ਗਿਆ। ਇਲਾਕੇ ਦੀ ਗਲੀ ਵਿੱਚ ਲਾਈਟ ਜੱਗ ਰਹੀ ਸੀ, ਜਿਸ ਕਾਰਨ ਪੂਰਾ ਘਟਨਾ-ਕ੍ਰਮ ਸਾਫ਼ ਦਿੱਸ ਰਿਹਾ ਸੀ।
ਇਸ ਦੌਰਾਨ ਦੇਵ ਕੰਤੋੜ ਨੇ ਆਪਣੀ ਦਸਤੀ ਰਿਵਾਲਵਰ ਨਾਲ ਅੰਸ਼ ਤੇ ਹੋਰਾਂ ਉੱਤੇ ਗੋਲੀਆਂ ਚਲਾਈਆਂ। ਇੱਕ ਗੋਲੀ ਅੰਸ਼ ਦੀ ਵੱਖੀ ‘ਤੇ ਲੱਗੀ, ਜਦਕਿ ਦੂਜੀ ਗੋਲੀ ਉਸਦੀ ਖੱਬੀ ਕਲਾਈ ‘ਚ ਲੱਗੀ।
ਜ਼ਖ਼ਮੀ ਅੰਸ਼ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਅੰਸ਼ ਅਤੇ ਆਰਿਅਨ ਵਲੋਂ ਦਿੱਤੇ ਬਿਆਨਾਂ ਦੇ ਆਧਾਰ ‘ਤੇ ਦੇਵ ਕੰਤੋੜ ਪੁੱਤਰ ਸੋਨੂ ਕੰਤੋੜ, ਵੰਸ਼ ਪੁੱਤਰ ਜਗਮੋਹਨ, ਮੋਨੂ ਕੰਤੋੜ ਪੁੱਤਰ ਪ੍ਰੇਮ ਕੁਮਾਰ, ਮਿੰਟੂ ਮੰਡ ਪੁੱਤਰ ਪਵਨ ਕੁਮਾਰ ਅਤੇ ਸਿੰਟੂ ਪੁੱਤਰ ਪਵਨ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ ਮੁੱਖ ਆਰੋਪੀ ਦੇਵ ਕੰਤੋੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੋਰ ਆਰੋਪੀਆਂ ਦੀ ਤਲਾਸ਼ ਜਾਰੀ ਹੈ।


