ਰਾਸ਼ਟਰੀ ਸਿਖਲਾਈ ਪ੍ਰੋਗਰਾਮ ਤਹਿਤ ਬੀ.ਐਲ.ਓਜ਼ ਨੂੰ ਦਿੱਤੀ ਸਿਖਲਾਈ
- 56 Views
- kakkar.news
- July 10, 2025
- Punjab
ਰਾਸ਼ਟਰੀ ਸਿਖਲਾਈ ਪ੍ਰੋਗਰਾਮ ਤਹਿਤ ਬੀ.ਐਲ.ਓਜ਼ ਨੂੰ ਦਿੱਤੀ ਸਿਖਲਾਈ
ਫ਼ਿਰੋਜ਼ਪੁਰ, 10 ਜੁਲਾਈ, 2025 (ਸਿਟੀਜਨਜ਼ ਵੋਇਸ)
ਭਾਰਤ ਚੋਣ ਕਮਿਸ਼ਨ (ਈ.ਸੀ.ਆਈ.) ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੀ ਅਗਵਾਈ ਹੇਠ ਰਾਸ਼ਟਰੀ ਸਿਖਲਾਈ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਜ਼ੀਰਾ, ਫ਼ਿਰੋਜ਼ਪੁਰ ਸ਼ਹਿਰੀ, ਫ਼ਿਰੋਜ਼ਪੁਰ ਦਿਹਾਤੀ ਅਤੇ ਗੁਰੂਹਰਸਹਾਏ ਦੇ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼.) ਨੂੰ ਸਿਖਲਾਈ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਤਹਿਸੀਲਦਾਰ ਅਮਨਦੀਪ ਸਿੰਘ ਗਰਚਾ ਨੇ ਦੱਸਿਆ ਕਿ ਇਹ ਟ੍ਰੇਨਿੰਗ ਪ੍ਰੋਗਰਾਮ ਵਿਧਾਨ ਸਭਾ ਹਲਕਾ 75-ਜ਼ੀਰਾ ਵਿਖੇ ਕਮਿਊਨਿਟੀ ਹਾਲ, ਦਫਤਰ ਬੀਡੀਪੀਓ, ਜ਼ੀਰਾ,ਵਿਧਾਨ ਸਭਾ ਹਲਕਾ 76-ਫਿਰੋਜ਼ਪੁਰ (ਸ਼ਹਿਰੀ) ਵਿਖੇ ਮੇਨ ਮੀਟਿੰਗ ਹਾਲ, ਦੂਜੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ, ਵਿਧਾਨ ਸਭਾ ਚੋਣ ਹਲਕਾ 77-ਫਿਰੋਜ਼ਪੁਰ (ਦਿਹਾਤੀ) ਵਿਖੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ, ਮੋਗਾ ਰੋਡ, ਫਿਰੋਜਪੁਰ ਅਤੇ ਚੋਣ ਹਲਕਾ 78- ਗੁਰੂਹਰਸਹਾਏ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਗੁਰੂਹਰਸਹਾਏ ਵਿਖੇ ਬੀ.ਐਲ.ਓਜ਼ ਲਈ ਆਯੋਜਿਤ ਕੀਤਾ ਗਿਆ। ਸਿਖਲਾਈ ਸੈਸ਼ਨ ਦੌਰਾਨ ਲਗਭਗ 903 ਬੀ.ਐਲ.ਓਜ਼ ਨੂੰ ਸਿਖਲਾਈ ਦਿੱਤੀ ਗਈ। ਸਿਖਲਾਈ ਸੈਸ਼ਨ ਬੈਚਾਂ ਵਿੱਚ ਆਯੋਜਿਤ ਕੀਤਾ ਗਿਆ ਅਤੇ ਹਰੇਕ ਬੈਚ ਵਿੱਚ 50 ਬੀ.ਐਲ.ਓਜ਼ ਸ਼ਾਮਲ ਹੋਏ।
ਸਿਖਲਾਈ ਸੈਸ਼ਨ ਏ.ਡੀ.ਸੀ.-ਕਮ- ਈ.ਆਰ.ਓ 77- ਫਿਰੋਜ਼ਪੁਰ ਦਿਹਾਤੀ ਦਮਨਜੀਤ ਸਿੰਘ ਮਾਨ, ਐਸ.ਡੀ.ਐਮ-ਕਮ-ਈ.ਆਰ.ਓ 75-ਜ਼ੀਰਾ ਅਤੇ 76- ਫ਼ਿਰੋਜ਼ਪੁਰ ਸ਼ਹਿਰੀ ਗੁਰਮੀਤ ਸਿੰਘ ਮਾਨ ਅਤੇ ਐਸ.ਡੀ.ਐਮ.-ਕਮ-ਈ.ਆਰ.ਓ 78- ਗੁਰੂਹਰਸਹਾਏ ਉਦੇ ਦੀਪ ਸਿੰਘ ਦੀ ਨਿਗਰਾਨੀ ਹੇਠ ਆਯੋਜਿਤ ਕੀਤੇ ਗਏ ਅਤੇ ਸਿਖਲਾਈ ਮਾਸਟਰ ਟ੍ਰੇਨਰਾਂ ਦੁਆਰਾ ਦਿੱਤੀ ਗਈ।
ਸਿਖਲਾਈ ਸੈਸ਼ਨ ਦੌਰਾਨ, ਬੀ.ਐਲ.ਓਜ਼ ਨੂੰ ਵੋਟਰ ਸੂਚੀਆਂ ਅਪਡੇਟ ਕਰਨ, ਘਰ-ਘਰ ਜਾ ਕੇ ਤਸਦੀਕ ਕਰਨ, ਵੋਟਰ ਪਛਾਣ ਅਤੇ ਡਿਜੀਟਲ ਤਕਨਾਲੌਜੀ ਦੀ ਵਰਤੋਂ ਅਤੇ ਚੋਣ ਪ੍ਰਕਿਰਿਆ ਦੌਰਾਨ ਭਰੇ ਜਾਣ ਵਾਲੇ ਵੱਖ-ਵੱਖ ਫਾਰਮਾਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਨੂੰ ਬੀ.ਐਲ.ਓ. ਐਪ ਅਤੇ ਵੋਟਰ ਹੈਲਪਲਾਈਨ ਮੋਬਾਈਲ ਐਪਲੀਕੇਸ਼ਨ ਦੇ ਕੰਮਕਾਜ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਮੁਲਾਂਕਣ ਟੈਸਟ ਲਿਆ ਗਿਆ ਅਤੇ ਟ੍ਰੇਨਿੰਗ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਬੀ.ਐਲ.ਓਜ਼ ਨੂੰ ਭਾਗੀਦਾਰੀ ਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।


