ਖਾਈ ਫੇਮੇ ਕੀ ਵਿਖੇ ਡਰੋਨ ਹਮਲਾ: ਮਾਪਿਆਂ ਦੀ ਮੌਤ, ਪੁੱਤਰ ਜਖਮੀ — ਰਾਣਾ ਸੋਢੀ ਵਲੋਂ ਪਰਿਵਾਰ ਨੂੰ ਇਨਸਾਫ਼ ਤੇ ਮੁਆਵਜ਼ੇ ਦੀ ਮੰਗ
- 69 Views
- kakkar.news
- July 14, 2025
- Punjab
ਖਾਈ ਫੇਮੇ ਕੀ ਵਿਖੇ ਡਰੋਨ ਹਮਲਾ: ਮਾਪਿਆਂ ਦੀ ਮੌਤ, ਪੁੱਤਰ ਜਖਮੀ — ਰਾਣਾ ਸੋਢੀ ਵਲੋਂ ਪਰਿਵਾਰ ਨੂੰ ਇਨਸਾਫ਼ ਤੇ ਮੁਆਵਜ਼ੇ ਦੀ ਮੰਗ
ਫਿਰੋਜ਼ਪੁਰ 14 ਜੁਲਾਈ, 2025 (ਅਨੂਜ ਕੱਕੜ ਟੀਨੂੰ)
ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਸਥਿਤ ਪਿੰਡ ਖਾਈ ਫੇਮੇ ਕੀ ਵਿਖੇ ਹੋਏ ਇੱਕ ਦੁਖਦਾਈ ਡਰੋਨ ਹਮਲੇ ਨੇ ਸਮੁੱਚੇ ਪੰਜਾਬ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਇਸ ਭਿਆਨਕ ਘਟਨਾ ਵਿੱਚ ਲਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੀ ਜਾਨ ਚਲੀ ਗਈ, ਜਦਕਿ ਉਨ੍ਹਾਂ ਦਾ ਇਕੱਲਾ ਪੁੱਤਰ ਜਸਵੰਤ ਸਿੰਘ ਉਰਫ ਮੋਨੂੰ ਬੁਰੀ ਤਰ੍ਹਾਂ ਜਖਮੀ ਹੋਣ ਦੇ ਬਾਵਜੂਦ ਬਚ ਗਿਆ।
ਇਸ ਘਟਨਾ ਨੇ ਨਾ ਸਿਰਫ ਪਰਿਵਾਰ ਨੂੰ ਤਬਾਹ ਕੀਤਾ, ਸਗੋਂ ਸਮਾਜਿਕ ਅਤੇ ਸਿਆਸੀ ਹਲਕਿਆਂ ਵਿੱਚ ਵੀ ਤੂਫਾਨ ਖੜ੍ਹਾ ਕਰ ਦਿੱਤਾ। ਪਿੰਡ ਵਾਸੀਆਂ ਅਤੇ ਸਥਾਨਕ ਨੇਤਾਵਾਂ ਨੇ ਸਰਕਾਰ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਉਠਾਉਂਦਿਆਂ ਪੀੜਤ ਪਰਿਵਾਰ ਲਈ ਤੁਰੰਤ ਮੁਆਵਜੇ ਅਤੇ ਸਹਾਇਤਾ ਦੀ ਮੰਗ ਕੀਤੀ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਸ ਦੁਖਦਾਈ ਘਟਨਾ ਦੇ ਬਾਅਦ ਜਸਵੰਤ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਦੇ ਨਾਲ ਭਾਜਪਾ ਦੀ ਟੀਮ ਵਿੱਚ ਹਰਵਿੰਦਰ ਕੁੱਲ, ਦਵਿੰਦਰ ਜੰਗ, ਭਗਵਾਨ ਸਿੰਘ ਭੁੱਲਰ, ਰਾਜਵੀਰ ਭੁੱਲਰ ਅਤੇ ਹੋਰ ਕਾਰਕੁੰਨ ਸਾਮਲ ਸਨ। ਪਰਿਵਾਰ ਵਿੱਚੋਂ ਦਵਿੰਦਰ ਸਿੰਘ ਭੱਠੇ ਵਾਲੇ, ਮਹਿੰਦਰ ਸਿੰਘ, ਦਰਸਨ ਸਿੰਘ, ਰੋਹਿਤ ਕੰਬੋਜ, ਮਲਕੀਤ ਸਿੰਘ, ਗੁਰਬਚਨ ਸਿੰਘ ਅਤੇ ਬੋਹੜਾ ਸਿੰਘ ਵੀ ਮੌਜ਼ੂੂਦ ਸਨ।
ਰਾਣਾ ਸੋਢੀ ਨੇ ਕਿਹਾ ਇਹ ਘਟਨਾ ਸਾਡੇ ਸਾਰਿਆਂ ਦੇ ਦਿਲਾਂ ਨੂੰ ਦਹਿਲਾਉਣ ਵਾਲੀ ਹੈ। ਅਸੀਂ ਜਸਵੰਤ ਸਿੰਘ ਅਤੇ ਉਸ ਦੇ ਪਰਿਵਾਰ ਦੇ ਨਾਲ ਹਰ ਪ੍ਰਕਾਰ ਦੀ ਮੁਸੀਬਤ ਵਿੱਚ ਖੜ੍ਹੇ ਹਾਂ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪੀੜਤ ਪਰਿਵਾਰ ਨੂੰ ਤੁਰੰਤ ਮੁਆਵਜਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।
ਰਾਣਾ ਸੋਢੀ ਨੇ ਸੂਬਾ ਸਰਕਾਰ ’ਤੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਹਲਕਾ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਪ੍ਰਸਾਸ਼ਨ ਵੱਲੋਂ ਏਡੀਸੀ ਨੇ ਪਰਿਵਾਰ ਨਾਲ ਮੁਲਾਕਾਤ ਤਾਂ ਕੀਤੀ, ਪਰ ਸਰਕਾਰ ਵੱਲੋਂ ਕੋਈ ਠੋਸ ਵਿੱਤੀ ਸਹਾਇਤਾ ਜਾਂ ਸਰਕਾਰੀ ਨੌਕਰੀ ਦਾ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧਾ ਸਵਾਲ ਕੀਤਾ ਕਿ ਇਸ ਦੁਖਦਾਈ ਘਟਨਾ ਦੇ ਬਾਅਦ ਵੀ ਸਰਕਾਰ ਕਿਉਂ ਚੁੱਪ ਹੈ?
ਉਨ੍ਹਾਂ ਨੇ ਕੇਂਦਰ ਸਰਕਾਰ ਨਾਲ ਵੀ ਇਸ ਮੁੱਦੇ ‘ਤੇ ਗੱਲਬਾਤ ਕਰਨ ਦਾ ਵਾਅਦਾ ਕੀਤਾ, ਤਾਂ ਜੋ ਪਰਿਵਾਰ ਨੂੰ ਵਧ ਤੋਂ ਵਧ ਸਹਾਇਤਾ ਮਿਲ ਸਕੇ। ਇਸ ਘਟਨਾ ਨੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪੈਦਾ ਕੀਤਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਸਰਹੱਦੀ ਖੇਤਰਾਂ ਵਿੱਚ ਸੁਰੱਖਿਆ ਵਧਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਅਜਿਹੀਆਂ ਘਟਨਾਵਾਂ ਦੀ ਪੁਨਰਾਵਰਤੀ ਨਾ ਹੋਵੇ।
ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਨੂੰ ਪੀੜਤ ਪਰਿਵਾਰ ਦੀ ਮਾਨਸਿਕ ਅਤੇ ਵਿੱਤੀ ਸਹਾਇਤਾ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ। ਰਾਣਾ ਸੋਢੀ ਨੇ ਜਸਵੰਤ ਸਿੰਘ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਵਾਅਦਾ ਕੀਤਾ ਕਿ ਉਹ ਇਸ ਮੁੱਦੇ ਨੂੰ ਸਰਕਾਰੀ ਅਤੇ ਸਮਾਜਿਕ ਪੱਧਰ ’ਤੇ ਜੋਰ-ਸੋਰ ਨਾਲ ਉਠਾਉਣਗੇ।
ਉਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਪੀੜਤ ਪਰਿਵਾਰ ਦੇ ਨਾਲ ਇਕਜੁੱਟਤਾ ਦਿਖਾਉਣ ਅਤੇ ਸਰਕਾਰ ’ਤੇ ਦਬਾਅ ਪਾਉਣ, ਤਾਂ ਜੋ ਜਸਵੰਤ ਸਿੰਘ ਨੂੰ ਨਿਆਂ ਅਤੇ ਸਹਾਇਤਾ ਮਿਲ ਸਕੇ।


