ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ: 2 ਕਿਲੋ ਅਫੀਮ ਅਤੇ 509 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ
- 114 Views
- kakkar.news
- July 17, 2025
- Crime Punjab
ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ: 2 ਕਿਲੋ ਅਫੀਮ ਅਤੇ 509 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ
ਫਿਰੋਜ਼ਪੁਰ, 17 ਜੁਲਾਈ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਚਲ ਰਹੀ ਮੁਹਿੰਮ ਹੇਠ ਅੱਜ ਦੋ ਵੱਖ ਵੱਖ ਥਾਵਾਂ ‘ਤੇ ਕੀਤੀ ਗਈ ਕਾਰਵਾਈ ਦੌਰਾਨ ਵੱਡੀ ਮਾਤਰਾ ‘ਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ 2 ਕਿਲੋਗ੍ਰਾਮ ਅਫੀਮ ਅਤੇ 509 ਗ੍ਰਾਮ ਹੈਰੋਇਨ ਬਰਾਮਦ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ।
ਪ੍ਰਾਪਤ ਹੋਈ ਜਾਕਾਰੀ ਮੁਤਾਬਕ, ਤਲਵੰਡੀ ਭਾਈ ਸਥਿਤ ਸਟੇਡੀਅਮ ਨੇੜੇ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੂੰ ਮੁਖਬਰ ਰਾਹੀਂ ਸੂਚਨਾ ਮਿਲੀ ਕਿ ਕਰਨਵੀਰ ਸਿੰਘ ਉਰਫ ਕਰਨ, ਪੁੱਤਰ ਗੁਰਮੇਜ ਸਿੰਘ, ਨਿਵਾਸੀ ਅੱਛੇ ਵਾਲਾ, ਇੱਕ ਸਿਲਵਰ ਰੰਗ ਦੀ ਸਵਿਫਟ ਕਾਰ (PB05N9977) ਰਾਹੀਂ ਨਸ਼ਾ ਸਪਲਾਈ ਕਰ ਰਿਹਾ ਹੈ। ਇਤਲਾਹ ਨੂੰ ਭਰੋਸੇਯੋਗ ਮੰਨਦਿਆਂ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਕਾਰ ਰੋਕੀ ਗਈ ਅਤੇ ਕਰਨਵੀਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਾਰ ਦੀ ਤਲਾਸ਼ੀ ਦੌਰਾਨ 2 ਕਿਲੋ ਅਫੀਮ ਬਰਾਮਦ ਹੋਈ। ਉਕਤ ਆਰੋਪੀ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਦੂਜੇ ਮਾਮਲੇ ਵਿੱਚ, SI ਸੁਖਬੀਰ ਸਿੰਘ (ਨੰਬਰ 717/ਫਿਰੋਜ਼ਪੁਰ) ਅਤੇ ਉਨ੍ਹਾਂ ਦੀ ਟੀਮ ਗਸ਼ਤ ਦੌਰਾਨ ਜਦੋਂ ਮਮਦੋਟ ਰੋਡ ਨੇੜੇ ਪਹੁੰਚੀ, ਤਾਂ ਮੁਖਬਰ ਨੇ ਰੋਕ ਕੇ ਦੱਸਿਆ ਕਿ ਕ੍ਰਿਸ਼ਨ ਸਿੰਘ ਉਰਫ ਲਾਲਾ (ਨਿਵਾਸੀ ਗੰਧੂ ਕਿਲਚਾ ਝੁੱਗੇ, ਥਾਣਾ ਮਮਦੋਟ) ਅਤੇ ਵਰਿੰਦਰ ਸਿੰਘ (ਨਿਵਾਸੀ ਖਾਲਸਾ ਕਲੋਨੀ, ਫਿਰੋਜ਼ਪੁਰ) ਇੱਕ ਕਾਲੀ ਹੀਰੋ ਐਚਐਫ ਡੀਲਕਸ ਮੋਟਰਸਾਈਕਲ (PB05AG8573) ‘ਤੇ ਸਵਾਰ ਹੋ ਕੇ ਸ਼ਮਸ਼ਾਨ ਘਾਟ ਪਿੰਡ ਵਰਿਆਮ ਸਿੰਘ ਵਾਲਾ ਨੇੜੇ ਨਸ਼ਾ ਵੇਚਣ ਦੀ ਉਡੀਕ ਕਰ ਰਹੇ ਹਨ।
ਪੁਲਿਸ ਵੱਲੋਂ ਤੁਰੰਤ ਰੇਡ ਕਰਕੇ ਦੋਵੇਂ ਆਰੋਪੀਆਂ ਨੂੰ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 509 ਗ੍ਰਾਮ ਹੈਰੋਇਨ ਅਤੇ ਉਕਤ ਮੋਟਰਸਾਈਕਲ ਬਰਾਮਦ ਕੀਤੀ ਗਈ।
ਫਿਰੋਜ਼ਪੁਰ ਪੁਲਿਸ ਨੇ ਦੱਸਿਆ ਕਿ ਨਸ਼ਾ ਮਾਫੀਆ ਵਿਰੁੱਧ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਇਹ ਸਾਰੀ ਕਾਰਵਾਈ ਮੁਖਬਰਾਂ ਦੀ ਭਰੋਸੇਯੋਗ ਜਾਣਕਾਰੀ ਅਤੇ ਚੁਸਤ ਰਸਪਾਂਸ ਕਾਰਨ ਸੰਭਵ ਹੋ ਸਕੀ। ਗ੍ਰਿਫ਼ਤਾਰ ਤਸਕਰਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।


