ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਕਰਵਾਏ ਗਏ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ
- 59 Views
- kakkar.news
- August 22, 2025
- Punjab
ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਕਰਵਾਏ ਗਏ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ
ਫ਼ਿਰੋਜ਼ਪੁਰ, 22 ਅਗਸਤ 2025 (ਸਿਟੀਜ਼ਨਜ਼ ਵੋਇਸ)
ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਸ.ਜਸਵੰਤ ਸਿੰਘ ਜ਼ਫ਼ਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਦੀ ਸਰਪ੍ਰਸਤੀ ਅਧੀਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ ਵਿਖੇ ਮਿਤੀ 22 ਅਗਸਤ 2025 ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ‘ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ’ ਦੇ ਮੁਕਾਬਲੇ ਕਰਵਾਏ ਗਏ।
ਇਹਨਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਸਕੂਲੀ ਵਿਦਿਆਰਥੀਆਂ ਦੀਆਂ ਸਾਹਿਤਕ ਅਤੇ ਕਲਾਤਮਿਕ ਰੁਚੀਆਂ ਵਿੱਚ ਪ੍ਰਫੁੱਲਤਾ ਪੈਦਾ ਕਰਨਾ ਹੈ। ਸਾਹਿਤ ਸਿਰਜਣ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਮੌਕੇ ‘ਤੇ ਦਿੱਤੇ ਹੋਏ ਵਿਸ਼ੇ ਉੱਪਰ ਕਵਿਤਾ, ਕਹਾਣੀ ਅਤੇ ਲੇਖ ਲਿਖੇ। ਕਾਵਿ ਸਿਰਜਣ ਲਈ ਵਿਸ਼ਾ ‘ਮਾਪੇ’ ਅਤੇ ਕਹਾਣੀ/ਲੇਖ ਸਿਰਜਣ ਲਈ ਵਿਸ਼ਾ ‘ਜੰਗ ਅਤੇ ਅਮਨ’ ਦਿੱਤਾ ਗਿਆ। ਕਾਵਿ-ਸਿਰਜਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਰਮਨਦੀਪ ਕੌਰ (ਸ.ਸ.ਸ.ਸ. ਰੁਕਨਾ ਬੇਗੂ), ਦੂਸਰਾ ਸਥਾਨ ਗੁਰਪ੍ਰੀਤ ਕੌਰ (ਸ.ਸ.ਸ.ਸ. ਮਾਨਾ ਸਿੰਘ ਵਾਲਾ) ਅਤੇ ਤੀਸਰਾ ਸਥਾਨ ਇਸ਼ਿਤਾ (ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ ) ਨੇ ਪ੍ਰਾਪਤ ਕੀਤਾ। ਕਹਾਣੀ ਸਿਰਜਨ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗੁਰਪ੍ਰੀਤ ਕੌਰ (ਸ.ਹ.ਸ.ਵਾਹਗੇ ਵਾਲਾ), ਦੂਸਰਾ ਸਥਾਨ ਹਰਪ੍ਰੀਤ ਕੌਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਉਸਮਾਨ ਵਾਲਾ ਅਤੇ ਤੀਸਰਾ ਸਥਾਨ ਦਿਵਾਂਸ਼ੀ (ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਫ਼ਿਰੋਜ਼ਪੁਰ ਛਾਉਣੀ) ਨੇ ਪ੍ਰਾਪਤ ਕੀਤਾ। ਲੇਖ ਸਿਰਜਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸੋਹਮ (ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ), ਦੂਸਰਾ ਸਥਾਨ ਸੁਖਮਨਪ੍ਰੀਤ ਕੌਰ (ਸਰਕਾਰੀ ਮਾਡਲ ਸੀ.ਸੈਕੰ.ਸਕੂਲ ਉਸਮਾਨ ਵਾਲਾ) ਅਤੇ ਤੀਸਰਾ ਸਥਾਨ ਜਸਪ੍ਰੀਤ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਕਨਾ ਬੇਗੂ) ਨੇ ਪ੍ਰਾਪਤ ਕੀਤੇ। ਮੁਕਾਬਲਿਆਂ ਦੇ ਦੂਜੇ ਪੜਾਅ ਵਿੱਚ ਕਵਿਤਾ ਗਾਇਨ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗੁਰਲੀਨ ਕੌਰ (ਸ.ਹ.ਸ. ਮਨਸੂਰ ਦੇਵਾ), ਦੂਸਰਾ ਸਥਾਨ ਸੰਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਈ ਫੇਮੇ ਕੀ ਅਤੇ ਤੀਸਰਾ ਸਥਾਨ ਸ਼ਗੁਨ (ਸਰਕਾਰੀ ਹਾਈ ਸਕੂਲ ਵਾਹਗੇ ਵਾਲਾ) ਨੇ ਪ੍ਰਾਪਤ ਕੀਤਾ।
ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਸਾਹਿਤ ਮਨੁੱਖ ਨੂੰ ਮਨੁੱਖ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ ਅਤੇ ਅਜਿਹੇ ਸਾਹਿਤਕ ਅਤੇ ਕਲਾਤਮਿਕ ਉਪਰਾਲੇ ਵਿਦਿਆਰਥੀਆਂ ਦੀ ਸ਼ਖਸ਼ੀਅਤ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਆਪਣੀ ਅੰਦਰੂਨੀ ਕਲਾਤਮਿਕ ਪ੍ਰਤਿਭਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਪਣੇ ਸਵੈ ਦੇ ਪ੍ਰਗਟਾਵੇ ਦਾ ਖੁੱਲ ਕੇ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ ਦੀ ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਸ. ਸਤਿੰਦਰਜੀਤ ਸਿੰਘ ਅਤੇ ਸਕੂਲ ਮੈਨਜਮੈਂਟ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਛਾਬੜਾ, ਗੁਰਚਰਨ ਸਿੰਘ, ਤਰਲੋਕ ਸਿੰਘ, ਪਰਮਿੰਦਰ ਸਿੰਘ ਖਰਬੰਦਾ, ਗੁਰਬਖਸ਼ੀਸ਼ ਸਿੰਘ, ਅੰਮ੍ਰਿਤਪਾਲ ਸਿੰਘ, ਭੁਪਿੰਦਰ ਸਿੰਘ ਛਾਬੜਾ, ਬਲਵੀਰ ਸਿੰਘ, ਦ.ਸ. ਸੇਠੀ ਅਤੇ ਹਰਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਵਿਦਿਆਰਥੀਆਂ ਦੀਆਂ ਸਾਹਿਤਿਕ ਅਤੇ ਕਲਾਤਮਿਕ ਰੁਚੀਆਂ ਦਾ ਨਿਰੀਖਣ ਸਾਹਿਤ ਅਤੇ ਕਲਾ ਜਗਤ ਦੀਆਂ ਮਾਣਮੱਤੀਆਂ ਸ਼ਖਸ਼ੀਅਤਾਂ ਨੇ ਕੀਤਾ। ਨਿਰੀਖਕ ਪੈਨਲ ਵਿੱਚ ਉੱਘ ਗ਼ਜ਼ਲਗੋ ਪ੍ਰੀਤ ਜੱਗੀ, ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਅਣਥੱਕ ਕਾਮੇ ਜਗਤਾਰ ਸਿੰਘ ਸੋਖੀ ਅਤੇ ਨਾਟਕਕਾਰ ਡਾ. ਕੁਲਬੀਰ ਮਲਿਕ ਸ਼ਾਮਿਲ ਸਨ। ਮੰਚ ਸੰਚਾਲਨ ਦੀ ਭੂਮਿਕਾ ਪੰਜਾਬੀ ਅਧਿਆਪਕ ਅਤੇ ਕਲਾਕਾਰ ਅਵਤਾਰ ਸਿੰਘ ਪੁਰੀ ਨੇ ਬਹੁਤ ਹੀ ਢੁੱਕਵੇਂ ਅਤੇ ਸਾਹਿਤਕ ਅੰਦਾਜ਼ ਵਿੱਚ ਨਿਭਾਈ। ਇਹਨਾਂ ਮੁਕਾਬਲਿਆਂ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਸਿਮਰਤ ਕੌਰ ਬੇਦੀ ਦੀ ਅਗਵਾਈ ਵਿੱਚ ਸਮੂਹ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ।
ਸਮਾਗਮ ਦੇ ਪ੍ਰਬੰਧਨ, ਵਿਉਂਤਬੰਦੀ ਅਤੇ ਨੇਪਰੇ ਚਾੜ੍ਹਨ ਵਿੱਚ ਖੋਜ ਅਫ਼ਸਰ ਸ. ਦਲਜੀਤ ਸਿੰਘ, ਚੇਤਨ ਕੁਮਾਰ (ਕਲਰਕ), ਰਵੀ ਕੁਮਾਰ ਅਤੇ ਦੀਪਕ ਕੁਮਾਰ ਦਾ ਕਾਰਜ ਸ਼ਲਾਘਾਯੋਗ ਰਿਹਾ। ਇਹਨਾਂ ਮੁਕਾਬਲਿਆਂ ਦੇ ਅੰਤ ’ਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।