ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ, ਹੜਾਂ ਨਾਲ ਪ੍ਰਭਾਵਿਤ ਲੋਕਾਂ ਲਈ ਵੱਡੇ ਮੁਆਵਜ਼ੇ ਦੀ ਮੰਗ
- 122 Views
- kakkar.news
- August 30, 2025
- Agriculture Punjab
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ, ਹੜਾਂ ਨਾਲ ਪ੍ਰਭਾਵਿਤ ਲੋਕਾਂ ਲਈ ਵੱਡੇ ਮੁਆਵਜ਼ੇ ਦੀ ਮੰਗ
ਫਿਰੋਜ਼ਪੁਰ 30 ਅਗਸਤ 2025 (ਅਨੁਜ ਕੱਕੜ ਟੀਨੂੰ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੀ ਕੋਰ ਕਮੇਟੀ ਦੀ ਮਹੱਤਵਪੂਰਣ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਹੇਠ ਹਰਫੂਲ ਸਿੰਘ ਦੂਲੇਵਾਲਾ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਪੰਜਾਬ ਦੀ ਲਗਭਗ 75% ਆਬਾਦੀ ਹੜਾਂ ਦੀ ਮਾਰ ਝੱਲ ਰਹੀ ਹੈ। ਫ਼ਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ, ਜਾਨਵਰ ਤੇ ਪਸ਼ੂ ਪਾਣੀ ਦੀ ਲਪੇਟ ਵਿੱਚ ਆ ਕੇ ਮਰ ਰਹੇ ਹਨ ਅਤੇ ਕਈ ਪਰਿਵਾਰ ਜਾਨੀ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ।
ਸਭਰਾ ਨੇ ਸਰਕਾਰ ਨੂੰ ਮੰਗ ਪੇਸ਼ ਕੀਤੀ ਕਿ ਫ਼ਸਲਾਂ ਦਾ ਮੁਆਵਜ਼ਾ 70 ਹਜ਼ਾਰ ਰੁਪਏ ਪ੍ਰਤੀ ਏਕੜ, ਪਸ਼ੂਆਂ ਦਾ 1 ਲੱਖ ਰੁਪਏ ਪ੍ਰਤੀ ਜਾਨਵਰ, ਅਤੇ ਹੜ੍ਹ ਵਿੱਚ ਜਾਨ ਗੁਆ ਬੈਠੇ ਲੋਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।
ਕਿਸਾਨ ਆਗੂ ਗੁਰਮੇਲ ਸਿੰਘ ਫੱਤੇਵਾਲਾ, ਧਰਮ ਸਿੰਘ ਸਿੱਧੂ ਅਤੇ ਬਲਜਿੰਦਰ ਸਿੰਘ ਤਲਵੰਡੀ ਨੇ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਹੀ ਹੜਾਂ ਪ੍ਰਬੰਧਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਉਹਨਾਂ ਕਿਹਾ ਕਿ ਡੈਮਾਂ ਦੀ ਮੁਰੰਮਤ, ਬੰਨ੍ਹਾਂ ਦੀ ਮਜ਼ਬੂਤੀ ਅਤੇ ਨਵੀਆਂ ਨੋਚਾਂ ਦੇ ਬਿਆਨ ਸਿਰਫ਼ ਕਾਗਜ਼ਾਂ ਅਤੇ ਖ਼ਬਰਾਂ ਤੱਕ ਸੀਮਿਤ ਹਨ, ਜਦਕਿ ਗਰਾਊਂਡ ਲੈਵਲ ‘ਤੇ ਕੁਝ ਵੀ ਕੰਮ ਨਹੀਂ ਹੋਇਆ।
ਆਗੂਆਂ ਨੇ ਕਿਹਾ ਕਿ ਹੜ੍ਹ ਰਾਹਤ ਦਾ ਵੱਡਾ ਕੰਮ ਕਿਸਾਨ ਮਜ਼ਦੂਰ ਜਥੇਬੰਦੀਆਂ, ਸਿੱਖ ਸੰਸਥਾਵਾਂ, ਫੈਡਰੇਸ਼ਨਾਂ, ਪੱਤਰਕਾਰ ਭਾਈਚਾਰੇ ਅਤੇ ਆਮ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਪਸ਼ੂਆਂ ਦੇ ਚਾਰੇ, ਦਵਾਈਆਂ ਅਤੇ ਰਾਹਤ ਸਮੱਗਰੀ ਦਾ ਪ੍ਰਬੰਧ ਨੌਜਵਾਨ ਕਰ ਰਹੇ ਹਨ, ਜਦਕਿ ਸਰਕਾਰੀ ਨੁਮਾਇੰਦੇ ਸਿਰਫ਼ ਫੋਟੋ ਖਿੱਚਵਾਉਣ ਤੱਕ ਹੀ ਸੀਮਤ ਹਨ।
ਰਣਜੀਤ ਸਿੰਘ ਖੱਚਰਵਾਲਾ, ਅਮਨਦੀਪ ਸਿੰਘ ਕੱਚਰਭੰਨ, ਸੁਰਜੀਤ ਸਿੰਘ ਫੌਜੀ ਅਤੇ ਨਰਿੰਦਰਪਾਲ ਸਿੰਘ ਜਤਾਲਾ ਨੇ ਕਿਹਾ ਕਿ ਹੜਾਂ ਕਾਰਨ ਜ਼ਮੀਨਾਂ ਦੀ ਵੱਡੀ ਪੱਧਰ ਤੇ ਉਪਜਾਊ ਸਮਰੱਥਾ ਖਤਮ ਹੋ ਗਈ ਹੈ। ਉਹਨਾਂ ਮੰਗ ਕੀਤੀ ਕਿ ਪਾਣੀ ਨਾਲ ਆਏ ਰੇਤੇ ਨੂੰ ਵੇਚਣ ਦਾ ਹੱਕ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਹੀ ਦਿੱਤਾ ਜਾਵੇ। ਨਾਲ ਹੀ ਸਰਕਾਰ ਦਰਿਆਵਾਂ ਦੇ ਦੋਵੇਂ ਕਿਨਾਰੇ ‘ਤੇ ਵੱਡੇ ਬੰਨ੍ਹ ਬਣਾਏ ਅਤੇ ਉਹਨਾਂ ਨੂੰ ਨਹਿਰਾਂ ਦੇ ਰੂਪ ਵਿੱਚ ਵਿਕਸਤ ਕਰੇ।



- October 15, 2025