ਫਿਰੋਜ਼ਪੁਰ ਦੇ ਰਾਹਤ ਕੈਂਪਾਂ ‘ਚ ਭੁੱਖ ਨਾਲ ਤੜਫ ਰਹੇ ਹੜ੍ਹ-ਪੀੜਤ — ਪ੍ਰਸ਼ਾਸਨ ਨੇ ਛੱਡਿਆ ਅਧੂਰੇ ਹਾਲ ‘ਚ!
- 175 Views
- kakkar.news
- August 29, 2025
- Punjab
ਫਿਰੋਜ਼ਪੁਰ ਦੇ ਰਾਹਤ ਕੈਂਪਾਂ ‘ਚ ਭੁੱਖ ਨਾਲ ਤੜਫ ਰਹੇ ਹੜ੍ਹ-ਪੀੜਤ — ਪ੍ਰਸ਼ਾਸਨ ਨੇ ਛੱਡਿਆ ਅਧੂਰੇ ਹਾਲ ‘ਚ!
ਫਿਰੋਜ਼ਪੁਰ, 29 ਅਗਸਤ 2025 (ਅਨੁਜ ਕੱਕੜ ਟੀਨੂੰ)
ਲਗਾਤਾਰ ਭਾਰੀ ਬਰਸਾਤ ਅਤੇ ਸਤਲੁਜ ਨਦੀ ਦੇ ਵਧਦੇ ਪਾਣੀ ਕਾਰਨ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੜ੍ਹ ਨੇ ਕਹਿਰ ਮਚਾਇਆ ਹੋਇਆ ਹੈ। ਸਤਲੁਜ ਦੀਆਂ ਮਾਰੂ ਲਹਿਰਾਂ ਨਾਲ ਬਰਬਾਦੀ ਦੇ ਮੰਜਰਾਂ ਵਿਚ ਫਿਰੋਜ਼ਪੁਰ ਦੇ ਹੜ੍ਹ-ਪੀੜਤ ਲੋਕ ਹੁਣ ਰਾਹਤ ਕੈਂਪਾਂ ਵਿੱਚ ਵੀ ਤੜਫ ਰਹੇ ਹਨ। ਹੜ੍ਹ-ਪੀੜਤਾਂ ਨੂੰ ਰਾਹਤ ਦੇਣ ਲਈ ਪ੍ਰਸ਼ਾਸਨ ਵੱਲੋਂ 13 ਰਾਹਤ ਕੈਂਪ ਲਗਾਏ ਗਏ ਹਨ ਜਿੱਥੇ ਲੱਗਭਗ 2,000 ਤੋਂ ਵੱਧ ਲੋਕ ਪਹੁੰਚਾਏ ਗਏ ਹਨ। ਪਰ ਇਹ ਕੈਂਪ ਆਪਣੇ ਮਕਸਦ ‘ਤੇ ਖਰੇ ਨਹੀਂ ਉਤਰ ਰਹੇ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੀ ਭਾਰੀ ਕਮੀ ਮਹਿਸੂਸ ਹੋ ਰਹੀ ਹੈ। ਜਿਸ ਨਾਲ ਸਰਕਾਰ ਵੱਲੋਂ “ਰਾਹਤ” ਦੇ ਨਾਂ ‘ਤੇ ਲਗਾਏ ਕੈਂਪ ਲੋਕਾਂ ਲਈ ਨਵੀਂ ਸਜ਼ਾ ਬਣ ਗਏ ਹਨ।
ਰਾਹਤ ਕੈਂਪਾਂ ਵਿੱਚ ਲੋਕ ਰੋਟੀ ਤੇ ਪਾਣੀ ਲਈ ਤਰਸ ਰਹੇ ਹਨ। ਪਿੰਡ ਬਾਰੇ ਕੇ ਵਿਖੇ ਚੱਲ ਰਹੇ ਰਾਹਤ ਕੈਂਪ ਵਿਚ ਅੱਜ ਬਜ਼ੁਰਗ, ਬੱਚੇ ਅਤੇ ਮਹਿਲਾਵਾਂ ਨੂੰ ਦੋਪਹਿਰ ਤੱਕ ਵੀ ਖਾਣਾ ਨਹੀਂ ਮਿਲਿਆ । ਕਈ ਹੜ੍ਹ-ਪੀੜਤਾਂ ਦਾ ਕਹਿਣਾ ਹੈ ਕਿ ਜਦ ਤਕ ਮੁੱਖ ਮੰਤਰੀ ਦੇ ਦੌਰੇ ਦੀ ਉਮੀਦ ਸੀ ਤਦ ਤਕ ਖਾਣਾ ਮਿਲਦਾ ਰਿਹਾ, ਪਰ ਬਾਅਦ ਵਿੱਚ ਪ੍ਰਸ਼ਾਸਨ ਵੱਲੋਂ ਕੈਂਪਾਂ ਵਿੱਚੋਂ ਸਮਾਨ ਹਟਾ ਲਿਆ ਗਿਆ।ਕੈਂਪ ਵਿਚ ਰਹਿ ਰਹੇ ਪਿੰਡ ਟੇਢੀ ਵਾਲਾ ਦੇ ਵਸਨੀਕ ਮੱਖਣ ਸਿੰਘ, ਲੱਡੂ ਸਿੰਘ , ਰਮਨ ਕੌਰ, ਰਾਜ ਕੌਰ, ਸੀਮਾ ਰਾਣੀ ਆਦਿ ਹੋਰ ਵੀ ਕਈ ਪਿੰਡਾਂ ਦੇ ਲੋਕਾਂ ਨੇ ਪ੍ਰਸ਼ਾਸਨ ਵਲੋਂ ਜਾਰੀ ਸਹੂਲਤਾਂ ਦੀ ਕਮੀਆ ਬਾਰੇ ਦੱਸਿਆ ਹੈ। ਖਾਣਾ ਬਣਾਉਣ ਵਾਲੀਆਂ ਆਂਗਣਵਾੜੀ ਵਰਕਰਾਂ ਨੇ ਵੀ ਕਿਹਾ ਕਿ ਉਨ੍ਹਾਂ ਕੋਲ ਸਮੱਗਰੀ ਹੀ ਨਹੀਂ ਹੇਗੀ , ਇਸ ਕਰਕੇ ਉਹ ਭੋਜਨ ਤਿਆਰ ਨਹੀਂ ਕਰ ਸਕਿਆਂ।
ਕੈਂਪ ਵਿੱਚ ਰਹਿ ਰਹੀ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਸਨੂੰ ਖਾਣਾ ਖਾਣ ਤੋਂ ਬਾਅਦ ਦਵਾਈ ਲੈਣੀ ਹੁੰਦੀ ਹੈ, ਪਰ ਖਾਣਾ ਨਾ ਮਿਲਣ ਕਾਰਨ ਉਹ ਦਵਾਈ ਨਹੀਂ ਖਾ ਸਕੀ। ਹੋਰ ਲੋਕਾਂ ਨੇ ਵੀ ਸ਼ਿਕਾਇਤ ਕੀਤੀ ਕਿ ਅਧਿਕਾਰੀ ਸਿਰਫ਼ ਫੋਟੋਆਂ ਖਿੱਚਵਾ ਕੇ ਚਲੇ ਜਾਂਦੇ ਹਨ ਅਤੇ ਬਾਅਦ ਵਿੱਚ ਕਿਸੇ ਦੀ ਹਾਲਤ ਨਹੀਂ ਪੁੱਛਦੇ।
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਰਾਹਤ ਲਈ ਖਾਨ ਪੀਣ ਲਈ ਅਤੇ 160 ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਪਰ ਲੋਕਾਂ ਦਾ ਅਨੁਭਵ ਇਸ ਤੋਂ ਵੱਖਰਾ ਹੈ।