ਸੂਬੇ ਅੰਦਰ ਜ਼ਿਲਾ ਪੱਧਰੀ ਟੂਰਨਾਮੈਂਟ 12 ਤੋਂ 22 ਸਤੰਬਰ ਤੱਕ
- 122 Views
- kakkar.news
- September 11, 2022
- Punjab Sports
-
*ਖੇਡਾਂ ਵਤਨ ਪੰਜਾਬ ਦੀਆਂ;
ਸੂਬੇ ਅੰਦਰ ਜ਼ਿਲਾ ਪੱਧਰੀ ਟੂਰਨਾਮੈਂਟ 12 ਤੋਂ 22 ਸਤੰਬਰ ਤੱਕ
ਫ਼ਾਜ਼ਿਲਕਾ ਵਿਖੇ ਜ਼ਿਲਾ ਪੱਧਰੀ ਟੂਰਨਾਮੈਂਟ 15 ਤੋਂ 22 ਸਤੰਬਰ ਤੱਕ ਹੋਣਗੇ-ਨਰਿੰਦਰਪਾਲ ਸਿੰਘ ਸਵਣਾ
*22 ਖੇਡਾਂ ਵਿੱਚ ਛੇ ਉਮਰ ਵਰਗਾਂ ਦੇ ਹੋਣਗੇ ਮੁਕਾਬਲੇ*
ਫ਼ਾਜ਼ਿਲਕਾ , 11 ਸਤੰਬਰ ( ਸੁਭਾਸ਼ ਕੱਕੜ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਮੁੜ ਖੇਡ ਸੱਭਿਆਚਾਰ ਪੈਦਾ ਕਰਨ ਅਤੇ ਸੂਬੇ ਵਿੱਚ ਖਿਡਾਰੀਆਂ ਦੀ ਪ੍ਰਤਿਭਾ ਦੀ ਸ਼ਨਾਖਤ ਕਰਨ ਲਈ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰ ਦੇ ਮੁਕਾਬਲਿਆਂ ਤੋਂ ਬਾਅਦ ਹੁਣ 22 ਖੇਡਾਂ ਦੇ ਜ਼ਿਲਾ ਪੱਧਰੀ ਮੁਕਾਬਲੇ 12 ਸਤੰਬਰ ਤੋਂ 22 ਸਤੰਬਰ ਤੱਕ ਕਰਵਾਏ ਜਾ ਰਹੇ ਹਨ। ਫ਼ਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਾਜ਼ਿਲਕਾ ਜ਼ਿਲੇ ਦਾ ਜ਼ਿਲਾ ਪੱਧਰੀ ਟੂਰਨਾਮੈਂਟ 15 ਤੋਂ 22 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ। ਖੇਡਾਂ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ।
ਫ਼ਾਜ਼ਿਲਕਾ ਦੇ ਵਿਧਾਇਕ ਨੇ ਦੱਸਿਆ ਕਿ ਬਲਾਕ ਪੱਧਰ ਉਤੇ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋ ਖੋ ਤੇ ਰੱਸ਼ਾਕਸੀ ਦੇ ਮੁਕਾਬਲੇ ਹੋਏ। ਹੁਣ ਇਨਾਂ ਖੇਡਾਂ ਦੇ ਜੇਤੂ ਖਿਡਾਰੀ ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ਤੋਂ ਇਲਾਵਾ ਜ਼ਿਲਾ ਪੱਧਰ ਉਤੇ ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ ਤੇ ਵੇਟਲਿਫਟਿੰਗ ਦੇ ਮੁਕਾਬਲੇ ਛੇ ਉਮਰ ਵਰਗਾਂ ਅੰਡਰ 14, ਅੰਡਰ 17, ਅੰਡਰ 21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਦੇ ਹੋਣਗੇ। ਪੈਰਾ ਖਿਡਾਰੀਆਂ ਦੇ ਵੀ ਮੁਕਾਬਲੇ ਹੋਣਗੇ। 41-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਸਿਰਫ ਟੇਬਲ ਟੈਨਿਸ, ਲਾਅਨ ਟੈਨਿਸ, ਬੈਡਮਿੰਟਨ, ਵਾਲੀਬਾਲ ਤੇ ਅਥਲੈਟਿਕਸ। ਇਨ੍ਹਾਂ ਵਰਗਾਂ ਦੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।
ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਅੱਗੇ ਦੱਸਿਆ ਕਿ ਜ਼ਿਲਾ ਪੱਧਰ ਦੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਇਸ ਤੋਂ ਬਾਅਦ ਜ਼ਿਲਾ ਜੇਤੂਆਂ ਦੇ ਸੂਬਾ ਪੱਧਰੀ ਮੁਕਾਬਲੇ 10 ਤੋਂ 21 ਅਕਤੂਬਰ ਤੱਕ ਹੋਣਗੇ। ਸੂਬਾ ਪੱਧਰ ਉਤੇ ਜੇਤੂਆਂ ਨੂੰ ਕੁੱਲ 6 ਕਰੋੜ ਰੁਪਏ ਦੇ ਇਨਾਮ ਵੰਡੇ ਜਾਣਗੇ। ਪਹਿਲੇ ਸਥਾਨ ਉਤੇ ਆਉਣ ਵਾਲਿਆਂ ਨੂੰ 10 ਹਜ਼ਾਰ ਰੁਪਏ ਨਗਦ ਇਨਾਮ ਤੇ ਸਰਟੀਫਿਕੇਟ, ਦੂਜੇ ਸਥਾਨ ਉਤੇ ਆਉਣ ਵਾਲਿਆਂ ਨੂੰ 7 ਹਜ਼ਾਰ ਰੁਪਏ ਤੇ ਸਰਟੀਫਿਕੇਟ ਅਤੇ ਤੀਜੇ ਸਥਾਨ ਉਤੇ ਆਉਣ ਵਾਲਿਆਂ ਨੂੰ 5 ਹਜ਼ਾਰ ਰੁਪਏ ਤੇ ਸਰਟੀਫਿਕੇਟ ਦਿੱਤੇ ਜਾਣਗੇ।
ਬਾਕਸ ਲਈ ਪ੍ਰਸਤਾਵਿਤ
ਜ਼ਿਲ੍ਹਾ ਖੇਡ ਅਫਸਰ ਸ਼੍ਰੀ ਗੁਰਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਕਬੱਡੀ, ਖੋਹ-ਖੋਹ, ਬਾਸਕਿਟਬਾਲ, ਕੁਸ਼ਤੀ, ਟੇਬਲ ਟੈਨਿਸ, ਵਾਲੀਬਾਲ ਅਤੇ ਐਥਲੈਟਿਕਸ ਖੇਡਾਂ ਕਰਵਾਈਆਂ ਜਾਣਗੀਆਂ ਅਤੇ ਫੁੱਟਬਾਲ ਦੇ ਮੁਕਾਬਲੇ ਸਰਕਾਰੀ ਸੀਨੀ. ਸਕੈਂ. ਸਕੂਲ (ਲੜਕੇ) ਫਾਜ਼ਿਲਕਾ ਵਿਖੇ, ਹੈਂਡਬਾਲ ਦੇ ਖੇਡ ਮੁਕਾਬਲੇ ਸਰਕਾਰੀ ਸੀਨੀ. ਸਕੈਂ. ਸਕੂਲ (ਲੜਕੇ) ਅਬੋਹਰ ਵਿਖੇ, ਬੈਡਮਿੰਟਨ ਦੇ ਖੇਡ ਮੁਕਾਬਲੇ ਰਿਕਰੇਸ਼ਨ ਕਲੱਬ ਫਾਜ਼ਿਲਕਾ ਵਿਖੇ, ਕਿੱਕਬਾਕਸਿੰਗ ਦੇ ਖੇਡ ਮੁਕਾਬਲੇ ਰੈੱਡ ਰੋਜ਼ ਸਕੂਲ ਜੰਡਵਾਲਾ ਵਿਖੇ ਅਤੇ ਵੇਟਲਿਫਟਿੰਗ ਦੇ ਖੇਡ ਮੁਕਾਬਲੇ ਸਰਕਾਰੀ ਸੀਨੀ. ਸਕੈਂ. ਸਕੂਲ ਲਾਲੋਵਾਲੀ ਵਿਖੇ ਕਰਵਾਏ ਜਾਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਅਤੇ ਵੱਖ-ਵੱਖ ਗੇਮਾਂ ਦੀਆਂ ਉਮਰ ਵਰਗ ਅਨੁਸਾਰ ਮਿਤੀਆਂ ਦੀ ਡਿਟੇਲ ਲਈ ਦਫਤਰ ਜਿਲ੍ਹਾ ਖੇਡ ਅਫਸਰ ਫਾਜ਼ਿਲਕਾ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਅੰਡਰ 14 ਲਈ ਖਿਡਾਰੀ ਦਾ ਜਨਮ ਮਿਤੀ 01-01-2009 ਤੋਂ ਬਾਅਦ, ਅੰਡਰ 17 ਲਈ 01-01-2006 ਤੋਂ ਬਾਅਦ, ਅੰਡਰ 21 ਲਈ 01-01-2002 ਤੋਂ ਬਾਅਦ, 21 ਤੋਂ 40 ਲਈ 01-01-1983 ਤੋਂ ਬਾਅਦ ਅਤੇ 50+ ਉਮਰ ਵਰਗ ਲਈ ()1-01-1973 ਤੋਂ ਪਹਿਲਾਂ ਦਾ ਹੋਣਾ ਚਾਹੀਦਾ ਹੈ। ਬਲਾਕ ਪੱਧਰ ‘ਤੇ ਹੋਈਆਂ ਖੇਡਾਂ ਐਥਲੈਟਿਕਸ, ਵਾਲੀਬਾਲ, ਫੁੱਟਬਾਲ, ਕਬੱਡੀ ਅਤੇ ਖੋਹ-ਖੋਹ ਗੇਮਾਂ ਵਿੱਚ ਪਹਿਲੀ ਅਤੇ ਦੂਜੀ ਪੁਜੀਸ਼ਨ ਹਾਸਲ ਕਰਨ ਵਾਲੇ ਖਿਡਾਰੀ ਮੈਰਿਟ ਅਨੁਸਾਰ ਜ਼ਿਲ੍ਹਾ ਪੱਧਰ ਦੀਆਂ ਇਨ੍ਹਾਂ ਖੇਡਾਂ ਵਿੱਚ ਭਾਗ ਲੈਣਗੇ ਅਤੇ ਬਾਕੀ ਗੇਮਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੇ ਵਿਭਾਗ ਦੀ ਵੈਬਸਾਈਟ ਰਾਹੀਂ ਸਿੱਧੀ ਰਜਿਸਟ੍ਰੇਸ਼ਨ ਕੀਤੀ ਹੋਈ ਹੈ। ਉਨ੍ਹਾਂ ਖਿਡਾਰੀਆਂ ਦੀ ਜਾਣਕਾਰੀ ਲਈ ਦੱਸਿਆ ਕਿ ਭਾਗ ਲੈਣ ਵਾਲੇ ਖਿਡਾਰੀ ਆਪਣੀ ਉਮਰ ਦੇ ਸਬੂਤ ਵਜੋਂ ਆਪਣਾ ਅਧਾਰ ਕਾਰਡ/ਪੈਨ ਕਾਰਡ/ਜਨਮ ਮਿਤੀ ਅਤੇ ਰਿਹਾਇਸ਼ ਦਾ ਸਬੂਤ ਆਪਣੇ ਨਾਲ ਲੈ ਕੇ ਆਉਣ। ਇਨ੍ਹਾਂ ਖੇਡਾਂ ਵਿੱਚ ਜਿਸ ਪਿੰਡ/ਸਕੂਲ/ਕਲੱਬ ਦੀ ਟੀਮ ਭਾਗ ਲਵੇਗੀ ਉਹ ਆਪਣੀ ਐਂਟਰੀ ਲਈ ਆਫਲਾਈਨ ਪ੍ਰੋਫਾਰਮਾ ਭਰ ਕੇ ਸਬੰਧਤ ਪਿੰਡ ਦੇ ਸਰਪੰਚ/ਸਕੂਲ ਦੇ ਮੁਖੀ ਵੱਲੋਂ ਤਸਦੀਕ ਕਰਵਾ ਕੇ ਆਪਣੇ ਨਾਲ ਲੈ ਕੇ ਆਵੇਗੀ। ਜ਼ਿਲ੍ਹਾ ਪੱਧਰ ਤੇ ਭਾਗ ਲੈਣ ਵਾਲੇ ਇਨ੍ਹਾਂ ਖਿਡਾਰੀਆਂ ਨੂੰ ਕੋਈ ਸਫਰੀ ਭੱਤਾ ਨਹੀਂ ਦਿੱਤਾ ਜਾਵੇਗਾ।

