ਫਿਰੋਜ਼ਪੁਰ ਦੇ ਜੀਰਾ ’ਚ ਸ਼ਰਾਬ ਫੈਕਟਰੀ ਢਾਹੁਣ ਦੇ ਆਦੇਸ਼, ਤਿੰਨ ਸਾਲਾਂ ਦੇ ਸੰਘਰਸ਼ ਦੀ ਵੱਡੀ ਜਿੱਤ
- 65 Views
- kakkar.news
- September 13, 2025
- Health Punjab
ਫਿਰੋਜ਼ਪੁਰ ਦੇ ਜੀਰਾ ’ਚ ਸ਼ਰਾਬ ਫੈਕਟਰੀ ਢਾਹੁਣ ਦੇ ਆਦੇਸ਼, ਤਿੰਨ ਸਾਲਾਂ ਦੇ ਸੰਘਰਸ਼ ਦੀ ਵੱਡੀ ਜਿੱਤ
ਜੀਰਾ /ਫਿਰੋਜ਼ਪੁਰ 13 ਸਤੰਬਰ 2025
ਕਰੀਬ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਸੰਘਰਸ਼ ਨੂੰ ਅੰਤਤ: ਕਾਮਯਾਬੀ ਮਿਲ ਗਈ ਹੈ। ਮਾਲ ਬਰੋਸ ਕੰਪਨੀ ਦੀ ਸ਼ਰਾਬ ਫੈਕਟਰੀ, ਜੋ ਕਿ ਫਿਰੋਜ਼ਪੁਰ ਦੇ ਜੀਰਾ ਖੇਤਰ ਵਿੱਚ ਸਥਿਤ ਹੈ, ਨੂੰ ਢਾਹੁਣ ਦੇ ਹੁਕਮ ਜਾਰੀ ਹੋ ਗਏ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਅੱਜ ਆਪਣੇ ਫੈਸਲੇ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ “ਡਿਸਟਿਲਰੀ ਪਲਾਂਟ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਢਾਹਿਆ ਜਾਵੇ ਅਤੇ ਸਿਰਫ਼ ਇਥਨੋਲ ਪਲਾਂਟ ਨੂੰ ਚੱਲਣ ਦੀ ਇਜਾਜ਼ਤ ਹੋਵੇਗੀ।”
ਇਸ ਫੈਕਟਰੀ ਖਿਲਾਫ਼ ਲੰਬੇ ਸਮੇਂ ਤੋਂ ਇਲਜ਼ਾਮ ਲੱਗਦੇ ਰਹੇ ਕਿ ਇਸ ਕਾਰਨ ਜ਼ਮੀਨ ਦੋਸ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਰਿਹਾ ਸੀ। ਗੰਧਲਾ ਅਤੇ ਕਾਲੇ ਰੰਗ ਦਾ ਪਾਣੀ ਟਿਊਬਵੈੱਲਾਂ ਵਿੱਚੋਂ ਨਿਕਲਣ ਦੀਆਂ ਵੀਡੀਓ ਵੀ ਵਾਇਰਲ ਹੋਈਆਂ, ਜਿਸ ਕਰਕੇ ਲੋਕਾਂ ਅਤੇ ਪਸ਼ੂਆਂ ਵਿੱਚ ਬਿਮਾਰੀਆਂ ਵਧੀਆਂ ਅਤੇ ਕਈ ਮੌਤਾਂ ਹੋਣ ਦੇ ਦਾਅਵੇ ਵੀ ਸਾਹਮਣੇ ਆਏ।
ਇਸਦੇ ਵਿਰੋਧ ਵਿੱਚ ਕਰੀਬ 40 ਪਿੰਡਾਂ ਦੇ ਲੋਕਾਂ ਨੇ ਸਾਂਝਾ ਮੋਰਚਾ ਲਗਾਇਆ ਸੀ। ਕਈ ਜਥੇਬੰਦੀਆਂ ਅਤੇ ਪਬਲਿਕ ਐਕਸ਼ਨ ਕਮੇਟੀ ਮੱਤੇਵਾਣਾ ਵੀ ਇਸ ਸੰਘਰਸ਼ ਨਾਲ ਜੁੜੀਆਂ ਹੋਈਆਂ ਸਨ। ਤਿੰਨ ਸਾਲਾਂ ਦੀ ਲਗਾਤਾਰ ਲੜਾਈ ਤੋਂ ਬਾਅਦ ਅੱਜ ਉਹਨਾਂ ਦੀ ਵੱਡੀ ਜਿੱਤ ਹੋਈ ਹੈ।
ਇਹ ਮਾਮਲਾ ਸਾਲਾਂ ਤੱਕ ਪੰਜਾਬ-ਹਰਿਆਣਾ ਹਾਈਕੋਰਟ ਅਤੇ ਬਾਅਦ ਵਿੱਚ ਐਨਜੀਟੀ ਵਿੱਚ ਵੀ ਚਲਦਾ ਰਿਹਾ। ਹੁਣ ਅੰਤਿਮ ਫੈਸਲਾ ਆਉਣ ਨਾਲ ਸਥਾਨਕ ਲੋਕਾਂ ਅਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਇਹ ਫੈਸਲਾ ਨਾ ਸਿਰਫ਼ ਜੀਰਾ ਖੇਤਰ ਲਈ, ਸਗੋਂ ਪੂਰੇ ਪੰਜਾਬ ਲਈ ਪਾਣੀ ਅਤੇ ਵਾਤਾਵਰਣ ਬਚਾਅ ਦੀ ਲੜਾਈ ਵਿੱਚ ਇੱਕ ਮਹੱਤਵਪੂਰਨ ਮੀਲਪੱਥਰ ਮੰਨਿਆ ਜਾ ਰਿਹਾ ਹੈ।