ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਫਿਰੋਜ਼ਪੁਰ ਰੇਂਜ ਨੇ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਨਸ਼ੇ ਭੇਜਣ ਵਾਲੇ ਇੱਕ ਸਰਹੱਦ-ਪਾਰ ਗਿਰੋਹ ਦੇ ਨੈੱਟਵਰਕ ਨੂੰ ਤਬਾਹ ਕਰ ਦਿੱਤਾ। ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਕਾਰਵਾਈ ਦੌਰਾਨ 8.250 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ।
ਇਹ ਆਪ੍ਰੇਸ਼ਨ AIG ਗੁਰਿੰਦਰਬੀਰ ਸਿੰਘ ਦੀ ਦੇਖ-ਰੇਖ ਅਤੇ ਸਪੈਸ਼ਲ DGP ਅਤੇ ADGP, ANTF ਪੰਜਾਬ ਦੀ ਅਗਵਾਈ ਹੇਠ ਚਲਾਇਆ ਗਿਆ।
ਪੁਲਿਸ ਨੇ ਗਿਰੋਹ ਦੇ ਮੁਖੀ ਬਗੀਚਾ ਸਿੰਘ, ਪੁੱਤਰ ਪਰਮਜੀਤ ਸਿੰਘ, ਨਿਵਾਸੀ ਗੱਟੀ ਰਾਜੋਕੇ (PS ਸਦਰ ਫਿਰੋਜ਼ਪੁਰ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟੀ ਗਈ ਸੀ।
ਇਸ ਸਬੰਧੀ FIR ਨੰਬਰ 294, ਮਿਤੀ 13.11.2025 ਮੁਤਾਬਕ, ਮਾਮਲਾ ਪੁਲਿਸ ਸਟੇਸ਼ਨ ANTF, SAS ਨਗਰ ਵਿੱਚ NDPS ਐਕਟ ਦੀਆਂ ਧਾਰਾਵਾਂ 21 ਅਤੇ 23 ਹੇਠ ਦਰਜ ਕੀਤਾ ਗਿਆ ਹੈ।
ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਬਗੀਚਾ ਸਿੰਘ ਦੇ ਪਿਤਾ ਪਰਮਜੀਤ ਸਿੰਘ ਅਤੇ ਭਰਾ ਅਮਨਦੀਪ ਸਿੰਘ ਨੂੰ ਵੀ ਦੋ ਮਹੀਨੇ ਪਹਿਲਾਂ ਵੱਖ-ਵੱਖ ਮਾਮਲਿਆਂ ਵਿੱਚ 4.5 ਕਿਲੋਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਨਾਲ ਇਹ ਪੁਸ਼ਟੀ ਹੁੰਦੀ ਹੈ ਕਿ ਇਹ ਪਰਿਵਾਰ ਸਰਹੱਦੀ ਇਲਾਕੇ ਵਿੱਚ ਨਸ਼ੇ ਦੀ ਤਸਕਰੀ ਦੀ ਗਤੀਵਿਧੀਆਂ ਵਿੱਚ ਲੰਮੇ ਸਮੇਂ ਤੋਂ ਸ਼ਾਮਲ ਸੀ।
ਪੁਲਿਸ ਨੂੰ ਸ਼ੱਕ ਹੈ ਕਿ ਬਗੀਚਾ ਸਿੰਘ ਪਾਕਿਸਤਾਨ-ਅਧਾਰਤ ਹੈਂਡਲਰਾਂ ਨਾਲ ਮਿਲ ਕੇ ਪੰਜਾਬ ਅੰਦਰ ਨਸ਼ੇ ਦੀ ਖੇਪ ਦੀ ਆਵਾਜਾਈ ਤੇ ਵੰਡ ਕਰਦਾ ਸੀ।
ANTF ਨੇ ਕਿਹਾ ਹੈ ਕਿ ਪਾਕਿਸਤਾਨੀ ਹੈਂਡਲਰਾਂ ਤੱਕ ਪਹੁੰਚ ਕਰਨ, ਡਰੋਨ ਰੂਟਾਂ ਦਾ ਪਤਾ ਲਗਾਉਣ ਅਤੇ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ। ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਮੁਕੰਮਲ ਤੌਰ ’ਤੇ ਤੋੜਨ ਦੇ ਆਪਣੇ ਵਚਨ ਨੂੰ ਦੁਹਰਾਇਆ ਹੈ।
