ਪੰਜਾਬ ਆੜਤੀਆ ਐਸੋਸੀਏਸ਼ਨ ਵੱਲੋਂ 28 ਸਤੰਬਰ ਨੂੰ ਜਗਰਾਉਂ ਵਿੱਚ ਵੱਡਾ ਇਜਲਾਸ
- 72 Views
- kakkar.news
- September 24, 2025
- Punjab
ਪੰਜਾਬ ਆੜਤੀਆ ਐਸੋਸੀਏਸ਼ਨ ਵੱਲੋਂ 28 ਸਤੰਬਰ ਨੂੰ ਜਗਰਾਉਂ ਵਿੱਚ ਵੱਡਾ ਇਜਲਾਸ
ਫਿਰੋਜ਼ਪੁਰ 24 ਸਤੰਬਰ 2025 (ਅਨੁਜ ਕਕੜ ਟੀਨੂੰ )
ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਪੰਜਾਬ ਆੜਤੀਆ ਐਸੋਸੀਏਸ਼ਨ ਵੱਲੋਂ 28 ਸਤੰਬਰ ਨੂੰ ਜਗਰਾਉਂ ਵਿੱਚ ਇੱਕ ਵੱਡਾ ਇਜਲਾਸ ਬੁਲਾਇਆ ਗਿਆ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਦੱਸਿਆ ਕਿ ਪਿਛਲੇ ਸਾਲ ਆੜਤੀਆਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਹੜਤਾਲ ਕੀਤੀ ਗਈ ਸੀ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਪਿਛਲੇ ਸਾਲ ਦਾ ਬਕਾਇਆ ਕਮਿਸ਼ਨ ਜਾਰੀ ਕਰਵਾਇਆ ਜਾਵੇਗਾ। ਇਸ ਭਰੋਸੇ ਤੋਂ ਬਾਅਦ ਆੜਤੀਆਂ ਨੇ ਹੜਤਾਲ ਖਤਮ ਕਰ ਦਿੱਤੀ ਸੀ।
ਇਸ ਸਾਲ ਵੀ ਹੜਤਾਲ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਸੀ, ਪਰ ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਿਨਟ ਮੰਤਰੀਆਂ ਵੱਲੋਂ ਆੜਤੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਸਰਕਾਰ ਨੇ ਆੜਤੀਆਂ ਨੂੰ ਅਪੀਲ ਕੀਤੀ ਕਿ ਹੜਾਂ ਕਾਰਨ ਪਹਿਲਾਂ ਹੀ ਪੰਜਾਬ ਬਹੁਤ ਵੱਡੇ ਨੁਕਸਾਨ ਦਾ ਸ਼ਿਕਾਰ ਹੈ ਅਤੇ ਇਸ ਹਾਲਾਤ ਵਿੱਚ ਕਿਸਾਨਾਂ ਦੀ ਫਸਲ ਦੀ ਖਰੀਦ ਰੁਕਣੀ ਨਹੀਂ ਚਾਹੀਦੀ। ਮੁੱਖ ਮੰਤਰੀ ਨੇ ਆੜਤੀਆਂ ਨੂੰ ਯਕੀਨ ਦਵਾਇਆ ਕਿ ਉਹਨਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਦਾ ਜਲਦ ਹੱਲ ਕੀਤਾ ਜਾਵੇਗਾ।
ਹੁਣ 28 ਸਤੰਬਰ ਨੂੰ ਜਗਰਾਉਂ ਵਿੱਚ ਹੋਣ ਵਾਲੇ ਇਸ ਵੱਡੇ ਇਜਲਾਸ ਵਿੱਚ ਆੜਤੀਆ ਐਸੋਸੀਏਸ਼ਨ ਆਪਣੀ ਅਗਲੀ ਰਣਨੀਤੀ ਤੈਅ ਕਰੇਗੀ। ਇੱਥੇ ਆੜਤੀਆਂ ਵੱਲੋਂ ਖਾਸ ਕਰਕੇ ਕਮਿਸ਼ਨ ਦੀ ਬਕਾਇਆ ਰਕਮ, ਐਫਸੀਆਈ ਵੱਲੋਂ ਕੀਤੀਆਂ ਜਾ ਰਹੀਆਂ ਕਟੌਤੀਆਂ ਅਤੇ ਮੰਡੀਆਂ ਵਿੱਚ ਖਰੀਦ ਸਮੇਂ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।


