ਐਨ.ਡੀ.ਆਰ.ਐਫ. ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਸੰਭਾਵੀ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਪਿੰਡ ਝੋਕ ਹਰੀ ਹਰ ਵਿਖੇ ਕੀਤੀ ਜਾਵੇਗੀ ਮੌਕ ਡਰਿੱਲ
- 102 Views
- kakkar.news
- October 13, 2025
- Punjab
ਐਨ.ਡੀ.ਆਰ.ਐਫ. ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਸੰਭਾਵੀ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਪਿੰਡ ਝੋਕ ਹਰੀ ਹਰ ਵਿਖੇ ਕੀਤੀ ਜਾਵੇਗੀ ਮੌਕ ਡਰਿੱਲ
ਫ਼ਿਰੋਜ਼ਪੁਰ, 13 ਅਕਤੂਬਰ 2025 (ਸਿਟੀਜਨਜ਼ ਵੋਇਸ)
ਐਨ.ਡੀ.ਆਰ.ਐਫ. ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਸੰਭਾਵੀ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਪਿੰਡ ਝੋਕ ਹਰੀ ਹਰ ਵਿਖੇ ਮੰਗਲਵਾਰ ਨੂੰ ਮੌਕ ਡਰਿੱਲ ਕੀਤੀ ਜਾਵੇਗੀ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ ਨੇ ਐਨ.ਡੀ.ਆਰ.ਐਫ. ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਇਸ ਮੌਕ ਡਰਿੱਲ ਵਿੱਚ ਐਨ.ਡੀ.ਆਰ.ਐਫ. ਦੀ ਟੀਮ, ਡਾਕਟਰੀ ਟੀਮਾਂ, ਬੀਡੀਪੀਓ, ਸਿਵਲ ਡਿਫੈਂਸ ਤੋਂ ਇਲਾਵਾ ਹੜ੍ਹਾਂ ਨਾਲ ਸਬੰਧਿਤ ਕਰਮਚਾਰੀਆਂ ਤੇ ਵਿਭਾਗਾਂ ਵੱਲੋਂ ਭਾਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਅਭਿਆਸ ਦਾ ਮੰਤਵ ਸੰਭਾਵੀ ਕੁਦਰਤੀ ਆਫਤਾਂ ਦੌਰਾਨ ਐਮਰਜੈਂਸੀ ਸਥਿਤੀਆਂ ਮੌਕੇ ਫੌਰੀ ਤੌਰ ‘ਤੇ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਵਾਉਣਾ ਹੈ।
ਉਨ੍ਹਾਂ ਦੱਸਿਆ ਕਿ ਐਨ.ਡੀ.ਆਰ.ਐਫ. ਦੇ ਬਠਿੰਡਾ ਹੈੱਡ ਕੁਆਰਟਰ ਵਿਖੇ ਕੁੱਲ 17 ਟੀਮਾਂ ਐਮਰਜੈਂਸੀ ਸੇਵਾਵਾਂ ਲਈ ਤਿਆਰ ਹੁੰਦੀਆਂ ਹਨ, ਜੋ ਕਿ ਕਿਸੇ ਵੀ ਐਮਰਜੈਂਸੀ ਦੌਰਾਨ ਸੁਨੇਹਾ ਮਿਲਣ ‘ਤੇ ਤੁਰੰਤ ਹਰਕਤ ਵਿੱਚ ਆ ਜਾਂਦੀਆਂ ਹਨ ਅਤੇ ਸੰਭਾਵੀ ਐਮਰਜੈਂਸੀ ਵਾਲੀ ਥਾਂ ‘ਤੇ ਰਵਾਨਾ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਭਲਕੇ ਕਰਵਾਈ ਜਾਣ ਵਾਲੀ ਮੌਕ ਡਰਿੱਲ ਕਰਨ ਦਾ ਇੱਕੋ-ਇੱਕ ਮਕਸਦ ਹੈ ਕਿ ਇਸ ਇਲਾਕੇ ਵਿੱਚ ਕੁਦਰਤੀ ਆਫਤਾਂ ਦੌਰਾਨ ਪੈਦਾ ਹੋਈਆਂ ਐਮਰਜੈਂਸੀ ਸਥਿਤੀਆਂ ਅਤੇ ਹੜ੍ਹਾਂ ਦੌਰਾਨ ਹਾਲਾਤਾਂ ਨਾਲ ਕਿਵੇ ਨਜਿੱਠਿਆ ਜਾ ਸਕੇ ਅਤੇ ਮੌਕ ਡਰਿੱਲ ਦੌਰਾਨ ਪੇਸ਼ ਆਈਆਂ ਮੁਸ਼ਕਲਾਂ ਦਾ ਹੱਲ ਕੱਢਿਆ ਜਾ ਸਕੇ। ਉਨ੍ਹਾਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਅਭਿਆਸ ਦੌਰਾਨ ਕਿਸੇ ਘਬਰਾਹਟ ਵਿੱਚ ਨਾ ਆਉਣ।
ਇਸ ਮੌਕੇ ਡੀ.ਆਰ.ਓ. ਬੀਰਕਰਨ ਸਿੰਘ, ਕੰਸਲਟੈਂਟ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਨਰੇਂਦਰ ਚੌਹਾਨ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸਮਿੰਦਰ ਕੌਰ ਤੋਂ ਇਲਾਵਾ ਪੁਲਿਸ, ਹੋਮ ਗਾਰਡ, ਲੋਕ ਨਿਰਮਾਣ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।



- October 15, 2025