ਪਿੰਡ ਕੜਮਾ ’ਚ ਭਿਆਨਕ ਧਮਾਕਾ: ਤਿੰਨ ਜ਼ਖਮੀ, ਘਰ ਉੱਡਿਆ – ਪੋਟਾਸ਼ ਦੇ ਫਟਣ ਦੀ ਆਸ਼ੰਕਾ
- 44 Views
- kakkar.news
- October 17, 2025
- Punjab
ਪਿੰਡ ਕੜਮਾ ’ਚ ਭਿਆਨਕ ਧਮਾਕਾ: ਤਿੰਨ ਜ਼ਖਮੀ, ਘਰ ਉੱਡਿਆ – ਪੋਟਾਸ਼ ਦੇ ਫਟਣ ਦੀ ਆਸ਼ੰਕਾ
ਫਿਰੋਜ਼ਪੁਰ 18 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਕੜਮਾ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਇੱਕ ਭਿਆਨਕ ਧਮਾਕੇ ਨੇ ਇਲਾਕੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਧਮਾਕੇ ਦੀ ਤਾਕਤ ਇੰਨੀ ਵੱਧ ਸੀ ਕਿ ਘਰ ਦੀਆਂ ਛੱਤਾਂ ਉੱਡ ਗਈਆਂ ਅਤੇ ਪਾਸੇ ਦੇ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ।
ਇਸ ਹਾਦਸੇ ਵਿੱਚ ਘਰ ਦਾ ਮਾਲਕ ਕਾਲਾ ਪੁੱਤਰ ਸ਼ੇਰਾ, ਉਸ ਦੀ ਪਤਨੀ ਕਿਰਨ, ਅਤੇ ਗੁਆਂਢੀ ਦੀ ਧੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। ਕਾਲਾ ਤੇ ਕਿਰਨ ਨੂੰ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪਿੰਡ ਵਾਸੀਆਂ ਦੇ ਮੁਤਾਬਕ, ਘਰ ਵਿੱਚ ਪਟਾਕੇ ਬਣਾਉਣ ਲਈ ਵਰਤੀ ਜਾਣ ਵਾਲੀ ਪੋਟਾਸ਼ ਮੌਜੂਦ ਸੀ, ਜਿਸ ਦੇ ਫਟਣ ਨਾਲ ਇਹ ਧਮਾਕਾ ਵਾਪਰਿਆ। ਧਮਾਕੇ ਦੀ ਗੂੰਜ ਪਿੰਡ ਦੇ ਦੂਰਲੇ ਹਿੱਸਿਆਂ ਤੱਕ ਸੁਣੀ ਗਈ।ਗੁਆਂਢੀ ਗੁਰਮੇਲ ਸਿੰਘ ਨੇ ਦੱਸਿਆ ਕਿ “ਮੇਰੇ ਗੁਆਂਢੀ ਕਾਲਾ ਦੇ ਘਰ ਅੰਦਰ ਪੋਟਾਸ਼ ਪਈ ਸੀ। ਇਕਦਮ ਜ਼ੋਰਦਾਰ ਧਮਾਕਾ ਹੋਇਆ, ਛੱਤਾਂ ਉੱਡ ਗਈਆਂ ਤੇ ਅੰਦਰ ਪਿਆ ਸਾਰਾ ਸਾਮਾਨ ਤਬਾਹ ਹੋ ਗਿਆ। ਮੇਰੀ ਧੀ ਰਸੋਈ ਵਿੱਚ ਸੀ, ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ।”
ਪਿੰਡ ਦੇ ਹੋਰ ਰਹਿਣ ਵਾਲੇ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਕਾਲਾ ਨੇ ਨਾਜਾਇਜ਼ ਤੌਰ ’ਤੇ ਘਰ ਵਿੱਚ ਪੋਟਾਸ਼ ਇਕੱਠੀ ਕਰ ਰੱਖੀ ਸੀ, ਜਿਸ ਕਾਰਨ ਇਹ ਵਿਸਫੋਟ ਹੋਇਆ। ਧਮਾਕੇ ਨਾਲ ਪਿੱਛੇ ਵੱਸਦੇ ਗੁਰਮੇਲ ਸਿੰਘ ਤੇ ਮੰਗਤ ਸਿੰਘ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਇੱਟਾਂ ਅਤੇ ਮਲਬਾ 30 ਤੋਂ 40 ਮੀਟਰ ਦੂਰ ਤੱਕ ਛਿੱਟ ਗਿਆ।
ਥਾਣਾ ਮਮਦੋਟ ਦੇ ਏਐਸਆਈ ਸੁਖਚੈਨ ਸਿੰਘ ਨੇ ਪੁਸ਼ਟੀ ਕੀਤੀ ਕਿ ਕਾਲਾ ਤੇ ਉਸ ਦੀ ਪਤਨੀ ਕਿਰਨ ਗੰਭੀਰ ਤੌਰ ’ਤੇ ਜ਼ਖਮੀ ਹਨ। ਉਨ੍ਹਾਂ ਨੇ ਕਿਹਾ ਕਿ ਘਟਨਾ ਦੀ ਬਰੀਕੀ ਨਾਲ ਜਾਂਚ ਜਾਰੀ ਹੈ ਅਤੇ ਸ਼ੱਕੀ ਵਿਸਫੋਟਕ ਦੇ ਸਰੋਤ ਤੇ ਉਦੇਸ਼ ਬਾਰੇ ਹਰ ਪਹਿਲੂ ਤੋਂ ਤਫਤੀਸ਼ ਕੀਤੀ ਜਾ ਰਹੀ ਹੈ।
